ਗੁਰੂਸਰ ਸੁਧਾਰ, 17 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)-ਜੀ.ਐੱਚ.ਜੀ. ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਗੁਰੂਸਰ ਸੁਧਾਰ ਦੇ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਕਰਵਾਈ ਗਈ ਬੀ.ਐੱਡ. ਸਮੈਸਟਰ ਚੌਥਾ ਦੀਆਂ ਪ੍ਰੀਖਿਆਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ। ਕਾਲਜ ਵਿਦਿਆਰਥਣ ਮੁਸਕਾਨ ਕਾਲੜਾ ਨੇ 1424/1600 (89 ਫ਼ੀਸਦੀ) ਅੰਕ ਪ੍ਰਾਪਤ ਕਰਕੇ ਕਾਲਜ ਅੰਦਰ ਪਹਿਲਾ ਸਥਾਨ ਹਾਸਲ ਕੀਤਾ। ਵਿਦਿਆਰਥਣ ਜੋਬਨਪ੍ਰੀਤ ਕੌਰ ਨੇ 1405/1600 (87.81 ਫ਼ੀਸਦੀ) ਅੰਕਾਂ ਨਾਲ ਦੂਜਾ ਜਦਕਿ ਸੰਦੀਪ ਕੌਰ ਨੇ 1366/1600 (85.38 ਫ਼ੀਸਦੀ) ਅੰਕਾਂ ਨਾਲ ਕਾਲਜ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ। ਬੀ.ਐੱਡ. ਸਮੈਸਟਰ ਚੌਥਾ ਦੇ 75 ਵਿਦਿਆਰਥੀਆਂ ਨੇ 70 ਫ਼ੀਸਦੀ ਤੋਂ ਵਧੇਰੇ ਅੰਕਾਂ ਅਤੇ ਬਾਕੀ ਵਿਦਿਆਰਥੀਆਂ ਨੇ ਵੀ ਪਹਿਲੇ ਦਰਜੇ ਅੰਦਰ ਇਹ ਵੱਕਾਰੀ ਪ੍ਰੀਖਿਆ ਪਾਸ ਕੀਤੀ। ਕਾਲਜ ਦੇ ਸ਼ਾਨਦਾਰ ਨਤੀਜਿਆਂ ਅਤੇ ਪ੍ਰਾਪਤੀਆਂ ’ਤੇ ਗਵਰਨਿੰਗ ਕੌਂਸਿਲ ਦੇ ਪ੍ਰਧਾਨ ਮਨਜੀਤ ਸਿੰਘ ਗਿੱਲ, ਸਕੱਤਰ ਡਾ.ਐੱਸ.ਐੱਸ.ਥਿੰਦ ਨੇ ਕਾਲਜ ਪ੍ਰਿੰ. ਡਾ. ਪਰਗਟ ਸਿੰਘ ਗਰਚਾ, ਸਮੂਹ ਫੈਕਲਟੀ ਮੈਂਬਰਾਂ ਤੇ ਵਿਦਿਆਰਥੀਆਂ ਨੂੰ ਹਾਰਦਿਕ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਲਗਨ, ਮਿਹਨਤ ਤੇ ਅਧਿਆਪਕਾਂ ਦੀ ਯੋਗ ਅਗਵਾਈ ਸਦਕਾ ਇਹ ਸ਼ਾਨਦਾਰ ਸਫ਼ਲਤਾ ਪ੍ਰਾਪਤ ਹੋਈ ਹੈ। ਕਾਲਜ ਪ੍ਰਿੰ. ਡਾ.ਪਰਗਟ ਸਿੰਘ ਗਰਚਾ ਨੇ ਕਿਹਾ ਕਿ ਸ਼ਾਨਦਾਰ ਨਤੀਜਾ ਫੈਕਲਟੀ ਮੈਂਬਰਾਂ ਦੀ ਨਿਰੰਤਰ ਮਿਹਨਤ ਅਤੇ ਵਿਦਿਆਰਥੀਆਂ ਦੀ ਦ੍ਰਿੜ ਇੱਛਾ ਸ਼ਕਤੀ ਦਾ ਪ੍ਰਤੀਕ ਹੈ। ਡਾ. ਗਰਚਾ ਨੇ ਕਿਹਾ ਕਿ ਕਾਲਜ ਵਿਚ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਅਜਿਹਾ ਮਾਹੌਲ ਸਿਰਜਿਆ ਜਾਂਦਾ ਹੈ, ਜਿਥੇ ਉਹ ਆਪਣੀਆਂ ਅੰਦਰੂਨੀ ਸਮਰੱਥਾਵਾਂ ਨੂੰ ਨਿਖਾਰ ਸਕਣ ਅਤੇ ਅਕਾਦਮਿਕ, ਖੇਡਾਂ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਸਮੇਤ ਹਰ ਖੇਤਰ ਵਿਚ ਉੱਤਮਤਾ ਪ੍ਰਾਪਤ ਕਰ ਸਕਣ।