ਖੰਨਾ, 19 ਜੁਲਾਈ (ਹਰਜਿੰਦਰ ਸਿੰਘ ਲਾਲ)- ਮਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਨੇ ਪੰਜਾਬ ਸਰਕਾਰ ਤੇ ਇਕ ਵਾਰ ਫਿਰ ਉਸ ਸਹਿਮਤੀ ਤੋਂ ਪਿੱਛੇ ਹੱਟਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਗਈ ਹੈ। ਜਿਸ ਕਾਰਨ ਮਜਬੂਰੀਵਸ ਮਨਰੇਗਾ ਕਰਮਚਾਰੀ 20 ਜੁਲਾਈ ਨੂੰ ਦੋਬਾਰਾ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਰਿਹਾਇਸ਼ ਅੱਗੇ ਮੁਜ਼ਾਹਰਾ ਕਰਨ ਲਈ ਮਜਬੂਰ ਹੋ ਗਏ ਹਨ। ਮਨਰੇਗਾ ਆਗੂ ਪਰਮਿੰਦਰ ਸਿੰਘ ਵਾਸੀ ਪਠਾਣਾ ਨੇ ਦੋਸ਼ ਲਾਇਆ ਕਿ ਇਸ ਧਰਨੇ ਨੂੰ ਰੋਕਣ ਲਈ ਸਰਕਾਰ ਨੇ ਸਾਡੇ ਕਈ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਬਾਕੀ ਆਗੂਆਂ ਨੇ ਆਪਣੇ ਮੋਬਾਈਲ ਫ਼ੋਨ ਬੰਦ ਕਰ ਲਏ ਹਨ ਅਤੇ ਉਹ ਰੂਪੋਸ਼ ਹਨ ਪਰ ਕੱਲ੍ਹ ਨੂੰ ਮੁਜਾਹਰਾ ਹਰ ਹਾਲਤ ਵਿਚ ਹੋਵੇਗਾ। ਇਸ ਮੌਕੇ ਮਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਨੇ ਕਿਹਾ ਕਿ ਹਲਕਾ ਖੰਨਾ ਦੇ ਵਿਧਾਇਕ ਅਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਕੋਠੀ ਦਾ ਕੱਲ੍ਹ ਦੋਬਾਰਾ ਘਿਰਾਓ ਕੀਤਾ ਜਾਵੇਗਾ। ਇਨ੍ਹਾਂ ਆਗੂਆਂ ਨੇ ਕਿਹਾ ਕਿ ਮਨਰੇਗਾ ਕਰਮਚਾਰੀਆਂ ਉੱਪਰ ਹੋਏ ਲਾਠੀਚਾਰਜ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਯੂਨੀਅਨ ਨਾਲ ਉਨ੍ਹਾਂ ਦੀਆਂ ਜਾਇਜ਼ ਮੰਗਾਂ ਸਬੰਧੀ ਸਹਿਮਤੀ ਬਣੀ ਸੀ ਪਰ ਬਾਅਦ ਵਿੱਚ ਸਰਕਾਰ ਮੁੱਕਰ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨੇ ਇਸ ਘਿਰਾਓ ਦੇ ਫ਼ੈਸਲੇ ਤੋਂ ਘਬਰਾਹਟ ’ਚ ਆ ਕਿ ਕਈ ਮਨਰੇਗਾ ਕਰਮਚਾਰੀਆਂ ਨੂੰ ਬੀਤੀ ਰਾਤ ਅਤੇ ਅੱਜ ਸਵੇਰ ਵੇਲੇ ਉਨ੍ਹਾਂ ਨੂੰ ਘਰਾਂ ਤੋਂ ਜਬਰੀ ਚੁੱਕ ਲਿਆ ਹੈ ਅਤੇ ਨਜ਼ਰਬੰਦ ਕਰ ਦਿੱਤਾ ਗਿਆ ਹੈ। ਇਸ ਮੌਕੇ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪ੍ਰਧਾਨ ਪਰਮਿੰਦਰ ਸਿੰਘ ਬਸੀ ਪਠਾਣਾ ਨੇ ਪੰਜਾਬ ਦੀ ਆਪ ਸਰਕਾਰ ’ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਰਕਾਰ ਦੀ ਮਨਸ਼ਾ ਬਿਲਕੁਲ ਠੀਕ ਨਹੀਂ ਹੈ।
ਮਨਰੇਗਾ ਕਰਮਚਾਰੀ ਅੱਜ ਫਿਰ ਕਰਨਗੇ ਮੰਤਰੀ ਸੌਂਦ ਦੀ ਕੋਠੀ ਦਾ ਘਿਰਾਓ
ਅਜੀਤ ਡੈਸਕ
20-07-2026