ਖੰਨਾ, 20 ਜੁਲਾਈ (ਹਰਜਿੰਦਰ ਸਿੰਘ ਲਾਲ)-ਪ੍ਰਭੂ ਸ਼੍ਰੀ ਰਾਮ-ਲੀਲ੍ਹਾ ਕਮੇਟੀ ਖੰਨਾ ਦੀ ਇੱਕ ਵਿਸ਼ੇਸ਼ ਮੀਟਿੰਗ ਕਮੇਟੀ ਦੇ ਸਰਪ੍ਰਸਤ ਸੁਭਾਸ਼ ਮੋਦੀ, ਚੇਅਰਮੈਨ ਵਿਪਨ ਚੰਦਰ ਗੇਂਦ ਅਤੇ ਪ੍ਰਧਾਨ ਸੁਬੋਧ ਮਿੱਤਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਇਸ ਸਾਲ ਹੋਣ ਵਾਲੀ ਸ਼੍ਰੀ ਰਾਮ-ਲੀਲ੍ਹਾ ਦੀਆਂ ਤਿਆਰੀਆਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਵੱਖ-ਵੱਖ ਜ਼ਿੰਮੇਵਾਰੀਆਂ ਕਮੇਟੀ ਮੈਂਬਰਾਂ ਨੂੰ ਸੌਂਪੀਆਂ ਗਈਆਂ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸੁਬੋਧ ਮਿੱਤਲ ਨੇ ਦੱਸਿਆ ਕਿ ਇਸ ਸਾਲ 11 ਅਕਤੂਬਰ ਤੋਂ 19 ਅਕਤੂਬਰ ਤੱਕ ਸ਼੍ਰੀ ਰਾਮ-ਲੀਲ੍ਹਾ ਦਾ ਭਵਿਆ ਮੰਚਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵਾਰ ਵ੍ਰਿੰਦਾਵਨ ਦੇ ਪ੍ਰਸਿੱਧ ਅਤੇ ਤਜਰਬੇਕਾਰ ਕਲਾਕਾਰ ਭਗਵਾਨ ਸ਼੍ਰੀ ਰਾਮ ਦੇ ਜੀਵਨ ਚਰਿਤਰ ਦਾ ਜੀਵੰਤ ਮੰਚਨ ਕਰਨਗੇ, ਜੋ ਸ਼ਰਧਾਲੂਆਂ ਲਈ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਹੋਵੇਗਾ। ਵਾਈਸ ਪ੍ਰਧਾਨ ਅਜੈ ਮਿੱਤਲ ਅਤੇ ਰਾਜਨ ਦੱਤ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਰਾਮ-ਲੀਲ੍ਹਾ ਦੌਰਾਨ ਸ਼ਹਿਰ ਦੇ ਦਾਨਵੀਰਾਂ ਦੇ ਸਹਿਯੋਗ ਨਾਲ ਹਰ ਰੋਜ਼ ਸ਼ਰਧਾਲੂਆਂ ਲਈ ਲੰਗਰ ਦੀ ਵਿਵਸਥਾ ਕੀਤੀ ਜਾਵੇਗੀ, ਤਾਂ ਜੋ ਦੂਰ-ਦੁਰਾਡੇ ਤੋਂ ਆਉਣ ਵਾਲੇ ਭਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ। ਮਹਾਂਸਚਿਵ ਕਮਲ ਕਪੂਰ ਨੇ ਦੱਸਿਆ ਕਿ ਇਸ ਸਾਲ ਰਾਮਲੀਲਾ ਮੰਚ ਨੂੰ ਆਧੁਨਿਕ ਤਕਨੀਕ ਅਨੁਸਾਰ ਭਵਿਆ ਸਟੇਜ, ਆਕਰਸ਼ਕ ਲਾਈਟਿੰਗ ਅਤੇ ਉੱਤਮ ਸਾਊਂਡ ਸਿਸਟਮ ਨਾਲ ਸਜਾਇਆ ਜਾਵੇਗਾ। ਇਸ ਤੋਂ ਇਲਾਵਾ ਰਾਮ-ਲੀਲ੍ਹਾ ਦੌਰਾਨ ਬੱਚਿਆਂ ਲਈ ਹਰ ਰੋਜ਼ ਧਾਰਮਿਕ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਜਾਣਗੇ, ਜਿਨ੍ਹਾਂ ਵਿੱਚ ਸਹੀ ਉੱਤਰ ਦੇਣ ਵਾਲੇ ਬੱਚਿਆਂ ਨੂੰ ਆਕਰਸ਼ਕ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਮੀਟਿੰਗ ਵਿੱਚ ਸਰਬਸੰਮਤੀ ਨਾਲ ਕਰਨ ਵਰਮਾ ਅਤੇ ਮੰਗਤ ਸਿੰਗਲਾ ਨੂੰ ਪ੍ਰਭੂ ਸ਼੍ਰੀ ਰਾਮ-ਲੀਲ੍ਹਾ ਕਮੇਟੀ ਦਾ ਨਵਾਂ ਮੈਂਬਰ ਬਣਾਇਆ ਗਿਆ। ਇਸ ਦੇ ਨਾਲ ਹੀ ਸਮਾਗਮ ਨਾਲ ਸਬੰਧਿਤ ਸਾਰੀਆਂ ਲੋੜੀਂਦੀਆਂ ਪ੍ਰਸ਼ਾਸਨਿਕ ਅਤੇ ਵਿਭਾਗੀ ਮਨਜ਼ੂਰੀਆਂ ਸਮੇਂ ਸਿਰ ਪ੍ਰਾਪਤ ਕਰਨ ਲਈ ਕਮੇਟੀ ਮੈਂਬਰਾਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਵੀ ਸੌਂਪੀਆਂ ਗਈਆਂ। ਮੀਟਿੰਗ ਵਿੱਚ ਸਰਪ੍ਰਸਤ ਸੁਭਾਸ਼ ਮੋਦੀ, ਚੇਅਰਮੈਨ ਵਿਪਨ ਚੰਦਰ ਗੇਂਦ, ਪ੍ਰਧਾਨ ਸੁਬੋਧ ਮਿੱਤਲ, ਮਹਾਂਸਚਿਵ ਕਮਲ ਕਪੂਰ, ਵਾਈਸ ਪ੍ਰਧਾਨ ਅਜੈ ਮਿੱਤਲ, ਰਾਜਨ ਦੱਤ, ਰਾਜੇਸ਼ ਕੁਮਾਰ, ਡਾ. ਰਾਹੁਲ ਸ਼ੁਕਲਾ, ਰਮੇਸ਼ ਗੁਜਰਾਲ, ਖਜ਼ਾਨਚੀ ਮੁਨੀਸ਼ ਹਾਂਡਾ, ਲੀਗਲ ਐਡਵਾਈਜ਼ਰ ਐਡਵੋਕੇਟ ਰੂਪੇਸ਼ ਭਾਰਦਵਾਜ, ਸੰਜੇ ਭਸੀਨ, ਡਾ. ਹਿਮਾਂਸ਼ੂ ਪਾਹਵਾ, ਦੀਪਕ ਵਰਮਾ, ਕਰਨ ਵਰਮਾ, ਮੰਗਤ ਸਿੰਗਲਾ, ਸੁਰਿੰਦਰ ਮਾਨ, ਰੋਹਿਤ ਸਿੰਗਲਾ, ਨਰਿੰਦਰ ਗੁਜਰਾਲ, ਨਵੀਨ ਨੰਦਾ, ਪ੍ਰਭੂ ਬਾਕਸਰ ਸਮੇਤ ਕਮੇਟੀ ਦੇ ਹੋਰ ਮੈਂਬਰ ਹਾਜ਼ਰ ਸਨ। ਮੀਟਿੰਗ ਦੇ ਅੰਤ ਵਿੱਚ ਸਾਰੇ ਮੈਂਬਰਾਂ ਨੇ ਸੰਕਲਪ ਲਿਆ ਕਿ ਇਸ ਸਾਲ ਦੀ ਸ਼੍ਰੀ ਰਾਮਲੀਲਾ ਨੂੰ ਪਹਿਲਾਂ ਨਾਲੋਂ ਵੀ ਵਧੇਰੇ ਭਵਿਆ, ਸੁਚੱਜੇ ਅਤੇ ਧਾਰਮਿਕ ਮਰਿਆਦਾ ਅਨੁਸਾਰ ਆਯੋਜਿਤ ਕੀਤਾ ਜਾਵੇਗਾ, ਤਾਂ ਜੋ ਸ਼ਰਧਾਲੂਆਂ ਤੱਕ ਭਗਵਾਨ ਸ਼੍ਰੀ ਰਾਮ ਦੇ ਆਦਰਸ਼ਾਂ ਅਤੇ ਮਰਿਆਦਾ ਦਾ ਸੰਦੇਸ਼ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚ ਸਕੇ।