ਮਾਛੀਵਾੜਾ ਸਾਹਿਬ, 22 ਜੁਲਾਈ (ਰਾਜਦੀਪ ਸਿੰਘ ਅਲਬੇਲਾ)-ਨਗਰ ਕੌਂਸਲ ਮਾਛੀਵਾੜਾ ਦੇ ਪ੍ਰਧਾਨ ਮੋਹਿਤ ਕੁੰਦਰਾ ਵਲੋਂ ਖ਼ਾਲਸਾ ਚੌਂਕ ਤੋਂ ਗਾਂਧੀ ਚੌਂਕ ਤੱਕ ਦੇ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ ਗਈ ਜਿਸ ਵਿਚ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਜਸਵੀਰ ਸਿੰਘ ਭੱਟੀਆਂ, ਨਿਰਮਲ ਰਾਜੂ, ਨੀਰਜ ਕੁਮਾਰ, ਪ੍ਰਭਦੀਪ ਰੰਧਾਵਾ, ਇੰਸਪੈਕਟਰ ਭੁਪਿੰਦਰ ਸਿੰਘ ਵੀ ਹਾਜ਼ਰ ਸਨ। ਪ੍ਰਧਾਨ ਕੁੰਦਰਾ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿਚ ਵੱਡੀ ਸਮੱਸਿਆ ਆਈ ਕਿ ਕੁੱਝ ਦੁਕਾਨਦਾਰ ਆਪਣੀਆਂ ਦੁਕਾਨਾਂ ਅੱਗੇ ਸੜਕ ‘ਤੇ ਨਾਜਾਇਜ਼ ਰੇਹੜੀਆਂ ਖੜ੍ਹਵਾ ਕੇ ਉਨ੍ਹਾਂ ਤੋਂ ਪੈਸੇ ਵਸੂਲਦੇ ਹਨ ਜਿਸ ਨਾਲ ਬਾਜ਼ਾਰ ਵਿਚ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਅਤੇ ਜਾਮ ਲੱਗਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੁਕਾਨਦਾਰਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਕੋਈ ਵੀ ਦੁਕਾਨਦਾਰ ਆਪਣੀ ਦੁਕਾਨ ਅੱਗੇ ਨਾਜਾਇਜ਼ ਰੇਹੜੀ ਨਾ ਖੜ੍ਹਵਾਏ ਅਤੇ ਨਾ ਹੀ ਪੀਲੀ ਪੱਟੀ ਤੋਂ ਬਾਹਰ ਆਪਣਾ ਸਮਾਨ ਰੱਖੇ। ਜੇਕਰ ਕਿਸੇ ਨੇ ਵੀ ਇਸ ਨਿਯਮ ਦੀ ਉਲੰਘਣਾ ਕੀਤੀ ਤਾਂ ਉਸ ਦੁਕਾਨਦਾਰ ਤੋਂ ਜਿੱਥੇ ਭਾਰੀ ਜੁਰਮਾਨਾ ਵਸੂਲਿਆ ਜਾਵੇਗਾ ਉੱਥੇ ਦੁਕਾਨ ਅੱਗੇ ਖੜੀ ਰੇਹੜੀ ਵੀ ਜ਼ਬਤ ਕਰ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਬਾਜ਼ਾਰ ਵਿਚ ਰੇਹੜੀਆਂ ਖੜਨ ਕਾਰਨ ਲੋਕਾਂ ਨੂੰ ਆਪਣੇ ਵਾਹਨ ਲੰਘਾਉਣ ਵਿਚ ਬੜੀ ਮੁਸ਼ਕਿਲ ਆਉਂਦੀ ਹੈ ਅਤੇ ਕਈ ਵਾਰ ਲੰਬਾ ਜਾਮ ਲੱਗ ਜਾਂਦਾ ਹੈ। ਇਸ ਲਈ ਨਗਰ ਕੌਂਸਲ ਨੂੰ ਇਹ ਸਖ਼ਤ ਕਦਮ ਉਠਾਉਣੇ ਪੈ ਰਹੇ ਹਨ। ਪ੍ਰਧਾਨ ਕੁੰਦਰਾ ਨੇ ਦੱਸਿਆ ਕਿ ਕੁੱਝ ਦੁਕਾਨਦਾਰ ਸਵੇਰੇ ਦੁਕਾਨ ਦੀ ਸਫ਼ਾਈ ਉਪਰੰਤ ਕੂੜਾ ਸੜਕ ‘ਤੇ ਸੁੱਟ ਦਿੰਦੇ ਹਨ। ਇਸ ਲਈ ਅੱਜ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਨਗਰ ਕੌਂਸਲ ਵਲੋਂ ਕੂੜਾ ਇਕੱਠਾ ਕਰਨ ਵਾਲੇ ਵਾਹਨ ਸਵੇਰੇ ਤੇ ਸ਼ਾਮ ਨੂੰ ਭੇਜੇ ਜਾਣ ਜਿਸ ਵਿਚ ਦੁਕਾਨਦਾਰ ਕੂੜਾ ਸੁੱਟਣ ਤਾਂ ਜੋ ਸ਼ਹਿਰ ਵਿਚ ਗੰਦਗੀ ਨਾ ਫੈਲੇ। ਉਨ੍ਹਾਂ ਕਿਹਾ ਕਿ ਵਾਹਨਾਂ ਦੀ ਪਾਰਕਿੰਗ ਲਈ ਖ਼ਾਲਸਾ ਚੌਂਕ ਨੇੜੇ ਪਾਰਕਿੰਗ ਸਥਾਨ ਬਣਾਇਆ ਜਾ ਰਿਹਾ ਹੈ ਜਿਸ ਦਾ ਟੈਂਡਰ ਲੱਗ ਚੁੱਕਾ ਹੈ।