ਮਲੌਦ, 23 ਜੁਲਾਈ (ਸਹਾਰਨ ਮਾਜਰਾ)- ਭਾਜਪਾ ਦੇ ਸੀਨੀਅਰ ਨੇਤਾ ਅਤੇ ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੁਖਵੰਤ ਸਿੰਘ ਟਿੱਲੂ (ਸਾਬਕਾ ਚੇਅਰਮੈਨ ਲੈਂਡ ਮਾਰਗੇਜ਼ ਬੈਂਕ ਮਲੌਦ) ਨੇ ਉੱਘੇ ਉਦਯੋਗਪਤੀ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੂੰ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਚੇਅਰਮੈਨ ਟਿੱਲੂ ਨੇ ਕਿਹਾ ਕਿ ਕੇਵਲ ਸਿੰਘ ਢਿੱਲੋਂ ਇੱਕ ਬੇਹੱਦ ਸ਼ਰੀਫ਼, ਇਮਾਨਦਾਰ ਅਤੇ ਮਿਹਨਤੀ ਆਗੂ ਹਨ। ਜਿਨ੍ਹਾਂ ਦੀ ਅਗਵਾਈ ਹੇਠ ਭਾਜਪਾ ਮਜ਼ਬੂਤੀ ਨਾਲ ਅੱਗੇ ਵਧੇਗੀ। ਸੁਖਵੰਤ ਸਿੰਘ ਟਿੱਲੂ ਨੇ ਬਹੁਤ ਸਾਰੇ ਸਿਆਸੀ ਮਸਲੇ ਵਿਚਾਰਦਿਆਂ ਕਿਹਾ ਕਿ ਕੇਵਲ ਸਿੰਘ ਢਿੱਲੋਂ ਨੇ ਸਮੇਂ ਦੀਆਂ ਸਰਕਾਰਾਂ ਨਾਲ ਮੱਥਾ ਲਗਾ ਕੇ ਮੂੰਹ ਤੋਲਵੇਂ ਜੁਆਬ ਦਿੱਤੇ ਜਾਣ ਵਾਲੇ ਸਮਰੱਥ ਆਗੂ ਹਨ ਅਤੇ ਉਨ੍ਹਾਂ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਇਸੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੇ ਉਨ੍ਹਾਂ ਨੂੰ ਬਹੁਤ ਵੱਡਾ ਮਾਣ ਸਨਮਾਨ ਦੇ ਕੇ ਪੰਜਾਬ ਦੀ ਕਮਾਂਡ ਸੰਭਾਲੀ ਹੈ ਤਾਂ ਕਿ 2027 ਵਿਚ ਚੋਣਾਂ ਜਿੱਤ ਕੇ ਪੰਜਾਬ ਨੂੰ ਮੁੜ ਲੀਹਾਂ ਤੇ ਲਿਜਾਇਆ ਜਾ ਸਕੇ। ਕੇਵਲ ਸਿੰਘ ਢਿੱਲੋਂ ਦੇ ਪ੍ਰਧਾਨ ਬਣਨ ਨਾਲ ਵਰਕਰਾਂ ਦਾ ਮਾਣ ਸਨਮਾਨ ਵਧਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਪੰਜਾਬ ਵਿੱਚ ਭਾਜਪਾ ਸਿਆਸੀ ਤੌਰ ਤੇ ਦਿਨੋ ਦਿਨ ਅੱਗੇ ਵਧ ਰਹੀ ਹੈ, ਵੱਡੀ ਗਿਣਤੀ ਵਿੱਚ ਵਰਕਰ ਤੇ ਆਗੂ ਪਾਰਟੀ ਨਾਲ ਜੁੜ ਕੇ ਪਾਰਟੀ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕੇਵਲ ਸਿੰਘ ਢਿੱਲੋਂ ਨੂੰ ਕਿਸਾਨੀ ਵਰਗ ਦੇ ਨਾਲ ਹਰੇਕ ਭਾਈਚਾਰੇ ਦੀਆਂ ਭਾਵਨਾਵਾਂ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਆਗੂ ਰਾਹੁਲ ਗਾਂਧੀ, ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਦੇਸ਼ ਦੇ ਹੋਰ ਆਗੂਆਂ ਨੂੰ ਖ਼ੁਦ ਸਮਝ ਲੈਣਾ ਚਾਹੀਦਾ ਹੈ ਕਿ ਪੂਰੇ ਦੇਸ਼ ਵਿਚ ਇਨ੍ਹਾਂ ਨੂੰ ਸਿਆਸੀ ਤੌਰ ਤੇ ਚਲਦਾ ਕਰਨ ਲਈ ਸੂਝਵਾਨ ਵੋਟਰਾਂ ਵੱਲੋਂ ਮੁੱਢ ਬਨਿਆ ਜਾ ਚੁੱਕਾ ਹੈ। ਆਪ ਅਤੇ ਕਾਂਗਰਸ ਦੇ ਆਪਣੇ ਪੱਲੇ ਸਿਆਸੀ ਤੌਰ ਤੇ ਕੁੱਝ ਵੀ ਨਹੀਂ ਸਗੋਂ ਧਿਰਾਂ ਬਣਾ ਕੇ ਜਿੱਥੇ ਰਾਜਨੀਤਕ ਰੋਟੀਆਂ ਸੇਕਦੇ ਹਨ। ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵਲੋਂ ਹਮੇਸ਼ਾ ਪੰਜਾਬ ਅਤੇ ਸਿੱਖ ਕੌਮ ਨੂੰ ਸਭ ਤੋਂ ਉੱਪਰ ਰੱਖਦਿਆਂ ਮਾਣ ਸਨਮਾਨ ਦਿੱਤਾ ਜਾ ਰਿਹਾ ਹੈ। ਨਾਲ ਹੀ ਦੇਸ਼ ਵਿਆਪੀ ਯੋਜਨਾਵਾਂ ਲਾਗੂ ਕਰਕੇ ਵਿਕਾਸ ਨੂੰ ਬੁਲੰਦੀਆਂ ਵੱਲ ਤੋਰਿਆ। ਚੇਅਰਮੈਨ ਟਿੱਲੂ ਨੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦਿਆਂ ਵਾਅਦਾ ਕੀਤਾ ਕਿ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਪੰਜਾਬ ਨੂੰ 2027 ਵਿਚ ਸਰਕਾਰ ਬਣਾਉਣ ਲਈ ਅਹਿਮ ਭੂਮਿਕਾ ਅਦਾ ਕਰੇਗੀ।