ਮਲੌਦ, 23 ਜੁਲਾਈ (ਦਿਲਬਾਗ ਸਿੰਘ ਚਾਪੜਾ)- ਬੀਤੇ ਦਿਨ ਬਰਨਾਲਾ ਵਿਖੇ ਪੁਲਿਸ ਵੱਲੋਂ ਨਗਰ ਕੌਂਸਲ ਦੇ ਸਫ਼ਾਈ ਮੁਲਾਜ਼ਮਾਂ ਤੇ ਕੀਤੇ ਬੇਰਹਿਮੀ ਨਾਲ ਲਾਠੀਚਾਰਜ ਅਤੇ ਖ਼ਾਸ ਤੌਰ ਮਹਿਲਾ ਸਫ਼ਾਈ ਵਰਕਰਾਂ ਨਾਲ ਮਰਦ ਪੁਲਿਸ ਸਟਾਫ਼ ਵੱਲੋਂ ਖਿੱਚ ਧੂਹ ਅਤੇ ਕੁੱਟਮਾਰ ਦੀ ਸਫ਼ਾਈ ਸੇਵਕ ਯੂਨੀਅਨ ਮਲੌਦ ਵੱਲੋਂ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਇਸ ਮੌਕੇ ਯੂਨੀਅਨ ਆਗੂ ਪਿੰਟੂ ਰਾਮ ਅਤੇ ਜੋਰਾ ਸਿੰਘ ਨੇ ਕਿਹਾ ਕਿ ‘ਮੱਘਦਾ ਰਹੀ ਵੀ ਸੂਰਜਾ, ਕੰਮੀਆਂ ਦੇ ਵਿਹੜੇ’ ਗਾਉਂਣ ਵਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ’ਚ ਆਪਣੇ ਹੱਕਾਂ ਦੀ ਮੰਗ ਕਰਦੇ ਬਿਜਲੀ ਕਾਮਿਆਂ, ਮਨਰੇਗਾ ਵਰਕਰਾਂ ਤੇ ਹੁਣ ਸਫ਼ਾਈ ਸੇਵਕਾਂ ਤੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ ਜੋ ਕਿ ਸਰਕਾਰ ਦੀ ਕਿਰਤੀ ਵਰਗ ਪ੍ਰਤੀ ਨਫ਼ਰਤੀ ਸੋਚ ਦਾ ਪ੍ਰਗਟਾਵਾ ਹੈ। ਉਨ੍ਹਾਂ ਕਿਹਾ ਕਿ ਨਿਗੂਣੀ ਤਨਖ਼ਾਹਾਂ ਤੇ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਸਾਰਾ ਦਿਨ ਲੋਕਾਂ ਦਾ ਕੂੜਾ ਸਾਫ਼ ਕਰਨ ਵਾਲੇ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਨੂੰ ਆਪਣਾ ਭਵਿੱਖ ਬਚਾਉਣ ਅਤੇ ਅੱਜ ਸਵਾਰਣ ਲਈ ਕੀਤੀਆਂ ਹੱਕੀ ਮੰਗਾਂ ਲਈ ਸਰਕਾਰ ਅੱਗੇ ਲਹੂ ਲਹਾਣ ਹੋ ਪੈ ਰਿਹਾ ਹੈ। ਸਰਕਾਰ ਕੋਲ ਕਿਰਤੀ ਵਰਗ ਨੂੰ ਦੇਣ ਲਈ ਯੋਗ ਤਨਖ਼ਾਹਾਂ ਨਹੀਂ ਹਨ ਪਰ ਆਪਣੀ ਸਰਕਾਰ ਦੀ ਮਸ਼ਹੂਰੀ ਲਈ ਔਰਤਾਂ ਨੂੰ ਪੈਸੇ ਦੇਣ ਲਈ ਖਜਾਨੇ ਭਰੇ ਹੋਏ ਹਨ। ਸਫ਼ਾਈ ਕਰਮੀਆਂ ਨੇ ਮੰਗ ਕੀਤੀ ਕਿ ਸਰਕਾਰ ਜਲਦ ਤੋਂ ਜਲਦ ਸਫ਼ਾਈ ਸੇਵਕਾਂ ਦੀਆਂ ਮੰਗਾਂ ਨੂੰ ਪੂਰਾ ਕਰੇ ਅਤੇ ਮਹਿਲਾ ਸਫ਼ਾਈ ਕਰਮੀਆਂ ’ਤੇ ਅਜਿਹਾ ਤਸ਼ੱਦਦ ਕਰਨ ਵਾਲੀ ਪੁਲਿਸ ਟੀਮ ਨੂੰ ਬਰਖ਼ਾਸਤ ਕੀਤਾ ਜਾਵੇ। ਜੇਕਰ ਸਰਕਾਰ ਨੇ ਕਰਵਾਈ ਨਾ ਕੀਤੀ ਤਾਂ ਸਫ਼ਾਈ ਸੇਵਕ ਸੂਬਾ ਯੂਨੀਅਨਾਂ ਦੇ ਸੱਦੇ ਤੇ ਸੰਘਰਸ਼ ਤਿੱਖਾ ਕਰਨ ਲਈ ਮਜਬੂਰ ਹੋਣਗੇ। ਜ਼ਿਕਰਯੋਗ ਹੈ ਕਿ ਨਗਰ ਪੰਚਾਇਤ ਮਲੌਦ ਦੇ ਸਫ਼ਾਈ ਸੇਵਕ ਮਿਤੀ 8 ਜੁਲਾਈ ਤੋਂ ਆਪਣੀ ਮੰਗਾਂ ਨੂੰ ਲੈ ਕੇ ਧਰਨੇ ਤੇ ਹਨ ਅਤੇ ਅਜੇ ਤੱਕ ਮਲੌਦ ਵਿਖੇ ਪੁੱਜ ਕੇ ਕਿਸੇ ਸਰਕਾਰੀ ਅਧਿਕਾਰੀ ਜਾਂ ਸਿਆਸੀ ਆਗੂ ਵੱਲੋਂ ਕੋਈ ਸਾਰ ਨਹੀਂ ਲਈ ਗਈ। ਇਸ ਮੌਕੇ ਅਰਜਨ ਸਿੰਘ, ਗੋਪੀ ਸਿੰਘ, ਵਿਨੋਦ ਕੁਮਾਰ, ਰਜਿੰਦਰ ਸਿੰਘ, ਰਾਜੂ ਰਾਮ, ਰਵੀ ਕੁਮਾਰ, ਸਿਕੰਦਰ ਸਿੰਘ, ਵਿਕਾਸ ਕੁਮਾਰ, ਸੰਜੀਵ, ਹਰਜਿੰਦਰ ਸਿੰਘ, ਵਿਜੈ ਕੁਮਾਰ, ਬੇਬੀ, ਬਸੰਤ ਸਿੰਘ, ਗਗਨਦੀਪ ਸਿੰਘ, ਭਵਖੰਡਨ ਸਿੰਘ, ਬਲਜੀਤ ਸਿੰਘ, ਅਕਾਸ਼ਦੀਪ ਸਿੰਘ, ਅਮਿਤ ਕੁਮਾਰ, ਕਰਨ ਸਿੰਘ, ਸੰਦੀਪ ਕੁਮਾਰ, ਸੁਸ਼ੀਲ ਕੁਮਾਰ, ਜੱਸੀ, ਇੰਦਰ, ਦੇਵੀ ਆਦਿ ਹਾਜ਼ਰ ਸਨ।