ਮਾਛੀਵਾੜਾ ਸਾਹਿਬ, 24 ਜੁਲਾਈ (ਰਾਜਦੀਪ ਸਿੰਘ ਅਲਬੇਲਾ)-ਮਾਛੀਵਾੜਾ ਮੰਡੀ ਵਿਚ ਇਸ ਵਾਰ ਮੱਕੀ ਫ਼ਸਲ ਦੀ ਰਿਕਾਰਡਤੋੜ ਆਮਦ ਦੇਖਣ ਨੂੰ ਮਿਲੀ ਹੈ ਜਿਸ ਕਾਰਨ ਕਿਸਾਨਾਂ ਦੇ ਚਿਹਰੇ ਖਿੜੇ ਹੋਏ ਨਜ਼ਰ ਆ ਰਹੇ ਹਨ। ਪਿਛਲੇ ਸਾਲ ਮਾਛੀਵਾੜਾ ਅਨਾਜ ਮੰਡੀ ਵਿਚ ਕੁੱਲ 4 ਲੱਖ 36 ਹਜ਼ਾਰ ਕੁਇੰਟਲ ਫ਼ਸਲ ਦੀ ਖ਼ਰੀਦ ਹੋਈ ਸੀ ਅਤੇ ਇਸ ਸਾਲ 4.50 ਲੱਖ ਕੁਇੰਟਲ ਦੀ ਖ਼ਰੀਦ ਹੋ ਚੁੱਕੀ ਹੈ ਜਦਕਿ 20 ਤੋਂ 25 ਹਜ਼ਾਰ ਕੁਇੰਟਲ ਫ਼ਸਲ ਹੋਰ ਆਉਣ ਦੀ ਆਸ ਹੈ। ਮੱਕੀ ਦੀ ਫ਼ਸਲ ਦਾ ਭਾਅ ਵੀ ਇੱਥੇ ਆਸਪਾਸ ਦੀਆਂ ਮੰਡੀਆਂ ਨਾਲੋਂ ਵੱਧ ਦੇਖਣ ਨੂੰ ਮਿਲਿਆ ਅਤੇ ਇਸ ਵਾਰ ਮੱਕੀ ਦੀ ਫ਼ਸਲ 1800 ਤੋਂ 2000 ਰੁਪਏ ਪ੍ਰਤੀ ਕੁਇੰਟਲ ਤੱਕ ਵਿਕੀ। ਪਿਛਲੇ ਸਾਲ ਮੱਕੀ ਦੀ ਫ਼ਸਲ ਦਾ ਝਾੜ ਵੀ ਘੱਟ ਸੀ ਅਤੇ ਭਾਰੀ ਮੀਹਾਂ ਕਾਰਨ ਨੁਕਸਾਨ ਵੀ ਹੋਇਆ ਸੀ ਜਿਸ ਕਾਰਨ ਪਿਛਲੇ ਸਾਲ ਪ੍ਰਾਈਵੇਟ ਖ਼ਰੀਦ ਕਰਨ ਵਾਲੇ ਵਪਾਰੀ ਜਿਨ੍ਹਾਂ ਨੇ ਫ਼ਸਲ ਸਟਾਕ ਕਰ ਕੇ ਅੱਗੇ ਮਹਿੰਗੇ ਭਾਅ ਵੇਚਣ ਦੀ ਕੋਸ਼ਿਸ਼ ਕੀਤੀ ਉਨ੍ਹਾਂ ਨੂੰ ਵੀ ਮੁਨਾਫ਼ਾ ਨਾ ਹੋਇਆ। ਇਸ ਵਾਰ ਬੇਸ਼ੱਕ ਮਾਛੀਵਾੜਾ ਇਲਾਕੇ ਵਿਚ ਮੱਕੀ ਫ਼ਸਲ ਦੀ ਬਿਜਾਈ ਦਾ ਰਕਬਾ ਘੱਟ ਸੀ ਪਰ ਝਾੜ ਵੱਧ ਹੋਣ ਕਾਰਨ ਇਸ ਦੀ ਖ਼ਰੀਦ ਨੇ ਰਿਕਾਰਡ ਤੋੜਿਆ। ਮਾਛੀਵਾੜਾ ਦੇ ਕਿਸਾਨਾਂ ਦੀ ਮੱਕੀ ਫ਼ਸਲ ਦਾ ਝਾੜ ਵੀ ਇਸ ਵਾਰ 38 ਤੋਂ 45 ਕੁਇੰਟਲ ਪ੍ਰਤੀ ਏਕੜ ਦੇਖਣ ਨੂੰ ਮਿਲਿਆ ਜਿਸ ਕਾਰਨ ਇਹ ਫ਼ਸਲ ਇਸ ਵਾਰ ਕਣਕ ਨਾਲੋਂ ਲਾਹੇਵੰਦ ਸਾਬਤ ਹੋਈ। ਇਸ ਵਾਰ ਫ਼ਸਲ ਦੇ ਝਾੜ ਨੂੰ ਦੇਖਦਿਆਂ ਇਹ ਖ਼ਰੀਦ ਦਾ ਟੀਚਾ 5 ਲੱਖ ਕੁਇੰਟਲ ਤੱਕ ਪਹੁੰਚਣ ਦੀ ਉਮੀਦ ਸੀ ਪਰ ਕੁੱਝ ਕੁ ਪ੍ਰਾਈਵੇਟ ਵਪਾਰੀ ਜੋ ਮਾਰਕੀਟ ਫ਼ੀਸ ਦੀ ਚੋਰੀ ਕਰ ਫ਼ਸਲ ਨੂੰ ਸਟਾਕ ਕਰਦੇ ਹਨ ਉਨ੍ਹਾਂ ‘ਤੇ ਵੀ ਮੰਡੀ ਬੋਰਡ ਵਲੋਂ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ। ਮੰਡੀ ਬੋਰਡ ਦੇ ਅਧਿਕਾਰੀ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵਲੋਂ ਮੱਕੀ ਦਾ ਸਟਾਕ ਕਰਨ ਵਾਲੇ ਗੁਦਾਮਾਂ ਵਿਚ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਜੇਕਰ ਕਿਸੇ ਨੇ ਮਾਰਕੀਟ ਫ਼ੀਸ ਚੋਰੀ ਕੀਤੀ ਕੀਤੀ ਤਾਂ ਉਸ ਤੋਂ ਜੁਰਮਾਨਾ ਵੀ ਵਸੂਲਿਆ ਜਾਵੇਗਾ।