ਖੰਨਾ, 24 ਜੁਲਾਈ (ਹਰਜਿੰਦਰ ਸਿੰਘ ਲਾਲ)-ਵਣ ਵਿਭਾਗ ਪੰਜਾਬ ਵੱਲੋਂ ਵਾਤਾਵਰਣ ਦੀ ਸ਼ੁੱਧਤਾ ਲਈ ਪੰਜਾਬ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਾਨਕ ਬਗੀਚੀਆਂ ਲਗਾਈਆਂ ਜਾ ਰਹੀਆਂ ਹਨ। ਇਸ ਮੁਹਿੰਮ ਤਹਿਤ ਵਣ ਵਿਭਾਗ ਦੇ ਈਸੜੂ ਇਲਾਕੇ ਦੇ ਇੰਚਾਰਜ ਜੋਤੀ ਦੀ ਨਿਗਰਾਨੀ ਹੇਠ ਪਿੰਡ ਰਤਨਪਾਲੋਂ ਵਿਖੇ ‘ਨਾਨਕ ਬਗੀਚੀ’ ਲਗਾਈ ਗਈ। ‘ਨਾਨਕ ਬਗੀਚੀ’ ਲਈ ਪਿੰਡ ਰਤਨਪਾਲੋਂ ਦੇ ਕਿਸਾਨ ਕਰਮਜੀਤ ਸਿੰਘ ਔਜਲਾ ਪੁੱਤਰ ਗੁਰਦਿੱਤ ਸਿੰਘ ਨੇ ਆਪਣੇ ਖੇਤਾਂ ’ਚ ਜਗਾ ਦਿੱਤੀ ਹੈ ਜਿੱਥੇ ਵਣ ਵਿਭਾਗ ਦੇ ਈਸੜੂ ਇੰਚਾਰਜ ਜੋਤੀ ਵੱਲੋਂ ਆਪਣੀ ਨਿਗਰਾਨੀ ਹੇਠ ‘ਨਾਨਕ ਬਗੀਚੀ’ ਲਗਾਈ ਗਈ। ਜੋਤੀ ਨੇ ਦੱਸਿਆ ਕਿ ਪਿੰਡ ਰਤਨਪਾਲੋਂ ਵਿਖੇ ‘ਨਾਨਕ ਬਗੀਚੀ’ ਦੋ ਦਿਨਾਂ ’ਚ ਤਿਆਰ ਕੀਤੀ ਗਈ ਹੈ, ਪਹਿਲੇ ਦਿਨ ਜੇਬੀਸੀ ਮਸ਼ੀਨ ਲਗਾ ਕੇ ਜ਼ਮੀਨ ਨੂੰ ਖੋਦਿਆ ਗਿਆ ਤੇ ਵਰਮੀਕੰਪੋਜ ਖਾਦ ਪਾ ਕੇ ਜ਼ਮੀਨ ਨੂੰ ਪੱਧਰਾ ਕੀਤਾ ਗਿਆ। ਜਿਸ ਤੋਂ ਅਗਲੇ ਦਿਨ ‘ਨਾਨਕ ਬਗੀਚੀ’ ’ਚ ਵੱਖ ਵੱਖ ਤਰ੍ਹਾਂ ਦੇ 550 ਬੂਟੇ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ‘ਨਾਨਕ ਬਗੀਚੀ’ ਦਾ ਮੁੱਖ ਮਨੋਰਥ ਖਾਲੀ ਪਈਆਂ ਥਾਵਾਂ ’ਤੇ ਦੇਸੀ ਤੇ ਹੋਰ ਰੁੱਖ ਲਾ ਕੇ ਵਾਤਾਵਰਣ ਨੂੰ ਹਰਾ-ਭਰਾ ਬਣਾਉਣਾ, ਗੁਰਬਾਣੀ ’ਚ ਦੱਸੇ ਰੁੱਖਾਂ ਦੀ ਸਾਂਭ-ਸੰਭਾਲ ਕਰਨਾ ਤੇ ਛੋਟੇ ਛੋਟੇ ਸੰਘਣੇ ਜੰਗਲ ਤਿਆਰ ਕਰਨਾ ਹੈ ਤਾਂ ਜੋ ਇਲਾਕੇ ’ਚ ਹਰਿਆਲੀ ਹੋ ਕੇ ਤੇ ਵਾਤਾਵਰਣ ਨੂੰ ਸ਼ੁੱਧ ਤੇ ਸਾਫ਼ ਹੋਵੇ। ਕਿਸਾਨ ਕਰਮਜੀਤ ਸਿੰਘ ਔਜਲਾ ਨੇ ਕਿਹਾ ਕਿ ਵਣ ਵਿਭਾਗ ਤੇ ਉਨਾਂ ਦੇ ਅਧਿਕਾਰੀ ਜੋਤੀ ਵੱਲੋਂ ਸ਼ਲਾਘਾਯੋਗ ਕਾਰਜ ਕੀਤਾ ਗਿਆ ਹੈ, ਜਿੰਨ੍ਹਾਂ ਨੇ ਸਾਨੂੰ ਪ੍ਰੇਰਿਤ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਮੁਹਿੰਮ ਦਾ ਹਿੱਸਾ ਬਣਨ ਦਾ ਸੁਭਾਗ ਦਿੱਤਾ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਨਾਂਅ ’ਤੇ 550 ਬੂਟੇ ਲਾ ਕੇ ਵਾਤਾਵਰਨ ਨੂੰ ਸਮਰਪਿਤ ਕਰਨਾ ਸਾਡੇ ਆਉਣ ਵਾਲੇ ਭਵਿੱਖ ਨੂੰ ਬਚਾਉਣ ਦਾ ਮਹਾਨ ਕਾਰਜ ਹੈ। ਉਨ੍ਹਾਂ ਨੇ ਕਿਹਾ ਕਿ ਉਹ ਇਸ ‘ਨਾਨਕ ਬਗੀਚੀ’ ਦੀ ਸਾਂਭ ਸੰਭਾਲ ਲਈ ਵੀ ਆਪਣਾ ਪੂਰਾ ਸਹਿਯੋਗ ਦੇਣਗੇ। ਇਸ ਮੌਕੇ ਬੇਲਦਾਰ ਕਮਲ, ਅਮਿਤ ਕੁਮਾਰ ਵੀ ਹਾਜ਼ਰ ਸੀ।