ਪਾਇਲ, 26 ਜੁਲਾਈ (ਰਾਜਿੰਦਰ ਸਿੰਘ)- ਆਕਸਫੋਰਡ ਸੀਨੀਅਰ ਸਕੂਲ ਪਾਇਲ ਵਿਖੇ ਕਾਰਗਿਲ ਜਿੱਤ ਦਿਵਸ ਉਤਸ਼ਾਹ ਅਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ ਗਿਆ। ਇਸ ਮੌਕੇ ’ਤੇ ਇੱਕ ਵਿਸ਼ੇਸ਼ ਸਭਾ ਦਾ ਆਯੋਜਨ ਕੀਤਾ ਗਿਆ ਤਾਂ ਜੋ ਵਿਦਿਆਰਥੀਆਂ ਨੂੰ ਕਾਰਗਿਲ ਯੁੱਧ ਦੇ ਸ਼ਹੀਦਾਂ ਦੀ ਕੁਰਬਾਨੀ ਤੋਂ ਜਾਣੂ ਕਰਵਾਇਆ ਜਾ ਸਕੇ। ਸਭਾ ਦੀ ਸ਼ੁਰੂਆਤ ਸਕੂਲ ਦੇ ਕਾਰਜਕਾਰੀ ਪ੍ਰਧਾਨ ਕਿਰਨਪ੍ਰੀਤ ਸਿੰਘ ਧਾਲੀਵਾਲ ਦੇ ਸਵਾਗਤ ਨਾਲ ਹੋਈ। ਇਸ ਸਭਾ ਵਿੱਚ ਸਕੂਲ ਦੇ ਪ੍ਰਿੰਸੀਪਲ ਵਿਜੇ ਕਪੂਰ ਤੇ ਅਕੈਡਮਿਕ ਡੀਨ ਅਸ਼ੋਕ ਗੁਪਤਾ ਵੀ ਹਾਜ਼ਰ ਸਨ। ਸੰਗੀਤ ਵਿਭਾਗ ਦੁਆਰਾ ਪੇਸ਼ ਦੇਸ਼ ਭਗਤੀ ਗੀਤ ’ਤੇ ਦੇਸ਼ ਭਗਤੀ ਗੀਤ ਤੇ ਡਾਂਸ ਪੇਸ਼ ਕੀਤਾ ਗਿਆ ਜਿਸਨੇ ਸਾਰਿਆਂ ਦਾ ਮਨ ਮੋਹ ਲਿਆ। ਇਸ ਉਪਰੰਤ ਮੁੱਖ ਅਧਿਆਪਕ ਵਿਜੇ ਕਪੂਰ ਨੇ ਆਪਣੇ ਸ਼ਬਦਾਂ ’ਚ ਵਿਦਿਆਰਥੀਆਂ ਨੂੰ ਕਾਰਗਿਲ ਯੁੱਧ ਦੇ ਮਹੱਤਵ ਬਾਰੇ ਦੱਸਿਆ ਅਤੇ ਸੈਨਿਕਾਂ ਦੀ ਬਹਾਦਰੀ ਨੂੰ ਸਲਾਮ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਸ਼ਹੀਦਾਂ ’ਤੇ ਮਾਣ ਹੈ ਅਤੇ ਦੇਸ਼ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਮਾਨਚੈਸਟਰ ਹਾਊਸ ਨੇ ਕਾਰਗਿਲ ਦਿਵਸ ਦੀ ਮਹੱਤਤਾ ’ਤੇ ਭਾਸ਼ਣ ਦਿੱਤਾ। ਵਾਲਵਰਹੈਮਟਨ ਹਾਊਸ ਦੇ ਵਿਦਿਆਰਥੀਆਂ ਨੇ ਹਿੰਦੀ ’ਚ ਦੇਸ਼ ਭਗਤੀ ਕਵਿਤਾ ਸੁਣਾਈ। ਲਿਵਰਪੂਲ ਹਾਊਸ ਨੇ ਦੇਸ਼ ਭਗਤੀ ’ਤੇ ਅਧਾਰਿਤ ਨਾਟਕ ਪੇਸ਼ ਕੀਤਾ, ਜਦੋਂ ਕਿ ਨਿਊਜਰਸੀ ਹਾਊਸ ਨੇ ਕਾਰਗਿਲ ਯੁੱਧ ਦੇ ਸੈਨਿਕਾਂ ਦੀ ਵੀਰਤਾ ਨੂੰ ਪ੍ਰੇਰਣਾਦਾਇਕ ਰੂਪ ਵਿੱਚ ਪੇਸ਼ ਕਰਕੇ ਸਾਰਿਆਂ ਨੂੰ ਭਾਵੁਕ ਕਰ ਦਿੱਤਾ। ਸਭਾ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਕੀਤੀ ਗਈ ।