ਗ਼ਜ਼ਲਗੋ ਗੁਰਦੀਪ ਸੈਣੀ ਦੀ ਕਿਤਾਬ ‘ਔੜ ਤੇ ਬਰਸਾਤ’ ’ਤੇ ‘ਕਲਾ ਸੰਗਮ ਨੀਲੋਂ ਪੁਲ’ ਵਲੋਂ ਗੋਸ਼ਟੀ
ਸਮਰਾਲਾ 3 ਅਗਸਤ (ਗੋਪਾਲ ਸੋਫਤ)-’ਕਲਾ ਸੰਗਮ ਨੀਲੋਂ ਪੁਲ’ ਵਲੋਂ ਪ੍ਰਸਿੱਧ ਗ਼ਜ਼ਲਗੋ ਗੁਰਦੀਪ ਸੈਣੀ ਦੀ ਪੁਸਤਕ ‘ਔੜ ਤੇ ਬਰਸਾਤ’ ‘ਤੇ ਇੱਕ ਵਿਸ਼ੇਸ਼ ਗੋਸ਼ਟੀ ਡਾ. ਜਲੌਰ ਸਿੰਘ ਖੀਵਾ ਦੀ ਪ੍ਰਧਾਨਗੀ ਹੇਠ ਕਰਵਾਈ ਗਈ।
ਸਮਰਾਲਾ 3 ਅਗਸਤ (ਗੋਪਾਲ ਸੋਫਤ)-’ਕਲਾ ਸੰਗਮ ਨੀਲੋਂ ਪੁਲ’ ਵਲੋਂ ਪ੍ਰਸਿੱਧ ਗ਼ਜ਼ਲਗੋ ਗੁਰਦੀਪ ਸੈਣੀ ਦੀ ਪੁਸਤਕ ‘ਔੜ ਤੇ ਬਰਸਾਤ’ ‘ਤੇ ਇੱਕ ਵਿਸ਼ੇਸ਼ ਗੋਸ਼ਟੀ ਡਾ. ਜਲੌਰ ਸਿੰਘ ਖੀਵਾ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਇਸ ਸਮਾਗਮ ਵਿਚ ਸੰਤ ਸਿੰਘ ਸੋਹਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਵਿਚ ਸਭਾ ਦੇ ਪ੍ਰਧਾਨ ਅਨਿਲ ਫ਼ਤਿਹਗੜ੍ਹ ਜੱਟਾਂ ਨੇ ਆਏ ਸਾਹਿਤਕਾਰਾਂ ਦਾ ਨਿੱਘਾ ਸਵਾਗਤ ਕੀਤਾ। ਇਸ ਤੋਂ ਬਾਅਦ ਗੁਰਦੀਪ ਸੈਣੀ ਨੇ ਆਪਣੀ ਰਚਨਾ-ਪ੍ਰਕਿਰਿਆ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਆਪਣੀਆਂ ਖ਼ੂਬਸੂਰਤ ਗ਼ਜ਼ਲਾਂ ਨਾਲ ਹਾਜ਼ਰੀਨ ਨਾਲ ਸਾਂਝ ਪਾਈ। ਕਿਤਾਬ ‘ਤੇ ਪਹਿਲਾ ਪਰਚਾ ਚਰਨਜੀਤ ਗਿੱਲ ਸਮਾਲਸਰ ਵਲੋਂ ਪੜਿਆ ਗਿਆ। ਸੰਤ ਸਿੰਘ ਸੋਹਲ ਨੇ ਇੱਕ ਗੁਣਵੱਤਾ ਭਰਪੂਰ ਕਿਤਾਬ ‘ਤੇ ਸਾਰਥਿਕ ਸੰਵਾਦ ਰਚਾਉਣ ਲਈ ‘ਕਲਾ ਸੰਗਮ ਨੀਲੋਂ ਪੁਲ’ ਦਾ ਧੰਨਵਾਦ ਕੀਤਾ। ਇਸ ਦੌਰਾਨ ਉਨ੍ਹਾਂ ਨੇ ਗ਼ਜ਼ਲ ਦੀ ਤਕਨੀਕ ਅਤੇ ਵਿਸ਼ਾ-ਵਸਤੂ ਬਾਰੇ ਬਹੁਮੁੱਲੀਆਂ ਗੱਲਾਂ ਸਾਂਝੀਆਂ ਕੀਤੀਆਂ। ਪ੍ਰਸਿੱਧ ਨਾਵਲਕਾਰ ਗੁਰਦੀਪ ਮੁਕੱਦਮ, ਦੀਪ ਜਗਤਪੁਰੀ ਅਤੇ ਗੁਰਨਾਮ ਬਾਵਾ ਨੇ ਗੁਰਦੀਪ ਸੈਣੀ ਦੇ ਜੀਵਨ ਸੰਘਰਸ਼ ਅਤੇ ਰਚਨਾ-ਪ੍ਰਕਿਰਿਆ ‘ਤੇ ਚਾਨਣਾ ਪਾਇਆ। ਬੁੱਧ ਸਿੰਘ ਨੀਲੋਂ ਵਲੋਂ ਲਿਖਿਆ ਪਰਚਾ ਅਮਨ ਆਜ਼ਾਦ ਵਲੋਂ ਪੜਿਆ ਗਿਆ। ਉਨ੍ਹਾਂ ਕਿਹਾ ਕਿ ਗੁਰਦੀਪ ਸੈਣੀ ਨੇ ਗ਼ਜ਼ਲ ਵਿਧਾ ਨੂੰ ਅਰਬੀ-ਫ਼ਾਰਸੀ ਦੇ ਪ੍ਰਭਾਵ ‘ਚੋਂ ਕੱਢ ਕੇ ਪੰਜਾਬ ਦੀ ਮਿੱਟੀ ਨਾਲ ਜੋੜਿਆ ਹੈ। ਸੁਰਿੰਦਰ ਰਾਮਪੁਰੀ, ਬਲਵੰਤ ਮਾਂਗਟ ਨੇ ‘ਕਲਾ ਸੰਗਮ ਨੀਲੋਂ ਪੁਲ’ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਇਸ ਮੰਚ ਨੇ ਦਰਿਆ ‘ਤੇ ਪੁਲ ਬਣਨ ਦਾ ਸੁਹਿਰਦ ਕਾਰਜ ਕੀਤਾ ਹੈ। ‘ਔੜ ਤੇ ਬਰਸਾਤ’ ਰਾਹੀਂ ਮਾਲਵੇ ਅਤੇ ਦੁਆਬੇ ਵਿਚਕਾਰ ਇੱਕ ਮਜ਼ਬੂਤ ਸਾਹਿੱਤਿਕ ਸਾਂਝ ਕਾਇਮ ਹੋਈ ਹੈ। ਆਪਣੇ ਪ੍ਰਧਾਨਗੀ ਭਾਸ਼ਣ ਵਿਚ ਡਾ. ਜਲੌਰ ਸਿੰਘ ਖੀਵਾ ਨੇ ਕਿਹਾ ਕਿ ‘ਕਲਾ ਸੰਗਮ ਨੀਲੋਂ ਪੁਲ’ ਸੱਚਮੁੱਚ ਹੀ ਕਲਾ ਦਾ ਇੱਕ ਅਨੋਖਾ ਸੰਗਮ ਹੈ। ਉਨ੍ਹਾਂ ਨੇ ਕਿਤਾਬ ਵਿਚ ਵਰਤੇ ਗਏ ਬਿੰਬਾਂ ਦੀ ਸੁੰਦਰਤਾ ਦੀ ਤਾਰੀਫ਼ ਕਰਦਿਆਂ ਕਿਹਾ ਕਿ ਸਾਹਿਤ ਜ਼ਿੰਦਗੀ ਦਾ ਵਿਸਥਾਰ ਨਹੀਂ, ਬਲਕਿ ਸਾਰ ਹੁੰਦਾ ਹੈ ਅਤੇ ਕਾਵਿ-ਸੰਵੇਦਨਾ ਨੂੰ ਸਮਝਣ ਲਈ ਲੋਕ-ਧਾਰਾ ਨੂੰ ਸਮਝਣਾ ਜ਼ਰੂਰੀ ਹੈ। ਸਮਾਗਮ ਦੇ ਦੂਜੇ ਸੈਸ਼ਨ ਵਿਚ ਇੱਕ ਪ੍ਰਭਾਵਸ਼ਾਲੀ ਕਵੀ ਦਰਬਾਰ ਕਰਵਾਇਆ ਗਿਆ। ਇਸ ਸੈਸ਼ਨ ਦੇ ਪ੍ਰਧਾਨਗੀ ਮੰਡਲ ਵਿਚ ਸੰਤ ਸਿੰਘ ਸੋਹਲ, ਗੁਰਦੀਪ ਸੈਣੀ, ਚਰਨਜੀਤ ਗਿੱਲ ਸਮਾਲਸਰ ਅਤੇ ਗੁਰਨਾਮ ਬਿਜਲੀ ਸ਼ਾਮਲ ਹੋਏ।