ਖੰਨਾ ਜ਼ਿਲ੍ਹਾ ਯੂਥ ਕਾਂਗਰਸ ਵਿਚ 2 ਨਿਯੁਕਤੀਆਂ ਨੂੰ ਲੈ ਕੇ 2 ਕਾਂਗਰਸੀ ਧੜ੍ਹਿਆਂ ਵਿਚ ਕਸ਼ਮਕਸ਼ ਸ਼ੁਰੂ
ਖੰਨਾ, 18 ਅਗਸਤ (ਹਰਜਿੰਦਰ ਸਿੰਘ ਲਾਲ)-ਪੁਲਿਸ ਜ਼ਿਲ੍ਹਾ ਖੰਨਾ ਯੂਥ ਕਾਂਗਰਸ ਵਿਚ ਸ਼ੁਰੂ ਹੋਈ ਕਸ਼ਮਕਸ਼ ਤਿੱਖੀ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਸਲ ਵਿਚ ਇਹ ਕਸ਼ਮਕਸ਼ ਸਮਰਾਲਾ ਵਿਧਾਨ ਸਭਾ ਟਿਕਟ ਦੇ 2 ਦਾਅਵੇਦਾਰਾਂ ਦੀ ਲੜਾਈ ਦਾ ਨਤੀਜਾ ਹੈ।
ਖੰਨਾ, 18 ਅਗਸਤ (ਹਰਜਿੰਦਰ ਸਿੰਘ ਲਾਲ)-ਪੁਲਿਸ ਜ਼ਿਲ੍ਹਾ ਖੰਨਾ ਯੂਥ ਕਾਂਗਰਸ ਵਿਚ ਸ਼ੁਰੂ ਹੋਈ ਕਸ਼ਮਕਸ਼ ਤਿੱਖੀ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਸਲ ਵਿਚ ਇਹ ਕਸ਼ਮਕਸ਼ ਸਮਰਾਲਾ ਵਿਧਾਨ ਸਭਾ ਟਿਕਟ ਦੇ 2 ਦਾਅਵੇਦਾਰਾਂ ਦੀ ਲੜਾਈ ਦਾ ਨਤੀਜਾ ਹੈ। ਜਿਸ ਕਾਰਨ ਸਮਰਾਲਾ ਵਿਚ ਕਾਂਗਰਸ ਟਿਕਟ ਦੇ ਦਾਅਵੇਦਾਰਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ ਹੈ। ਕੁਝ ਹੀ ਦਿਨ ਪਹਿਲਾਂ ਪੁਲਿਸ ਜ਼ਿਲ੍ਹਾ ਖੰਨਾ ਦੇ ਪ੍ਰਧਾਨ ਪਰਮਿੰਦਰ ਗੋਲਡੀ ਨੇ ਨਵੇਂ ਜ਼ਿਲ੍ਹਾ ਜਨਰਲ ਸਕੱਤਰ ਖੰਨਾ, ਅਤੇ ਉਪ ਪ੍ਰਧਾਨ ਵਿਧਾਨਸਭਾ ਸਮਰਾਲਾ ਦੀਆਂ ਨਿਯੁਕਤੀਆਂ ਕੀਤੀਆਂ ਸਨ। ਸ਼ੋਸ਼ਲ ਮੀਡੀਆ ਵਿਚ ਇਹ ਖ਼ਬਰ ਫੈਲਣੀ ਸ਼ੁਰੂ ਹੋ ਗਈ ਕਿ ਇਹ ਦੋਵੇਂ ਨਿਯੁਕਤੀਆਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ਼ੁਭਮ ਸ਼ਰਮਾ ਸ਼ੁਭੀ ਨੇ ਰੱਦ ਕਰ ਦਿੱਤੀਆਂ ਹਨ। ਪਰ ਜਦੋਂ ਇਸ ਬਾਰੇ ਪੰਜਾਬ ਯੂਥ ਕਾਂਗਰਸ ਪ੍ਰਧਾਨ ਸ਼ੁਭੀ ਅਤੇ ਜਿਲ੍ਹਾ ਯੂਥ ਕਾਂਗਰਸ ਪ੍ਰਧਾਨ ਪਰਮਿੰਦਰ ਗੋਲਡੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਅਜੇ ਨਿਯੁਕਤੀਆਂ ਰੱਦ ਨਹੀਂ ਕੀਤੀਆਂ ਗਈਆਂ। ਜਦੋਂ ਕਿ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ਼ੁਭੀ ਨੇ ਮੰਨਿਆ ਕਿ ਇਸ ਮਾਮਲੇ ਤੇ ਮਿਲੀ ਸ਼ਿਕਾਇਤ ਤੇ ਅਜੇ ਵਿਚਾਰ ਕੀਤਾ ਜਾ ਰਿਹਾ ਹੈ। ਯੂਥ ਕਾਂਗਰਸ ਦੇ ਜਾਣਕਾਰਾਂ ਅਨੁਸਾਰ ਇਹ ਲੜਾਈ ਅਸਲ ਵਿਚ ਯੂਥ ਕਾਂਗਰਸ ਦੀ ਲੜਾਈ ਨਹੀਂ ਹੈ ਸਗੋਂ ਇਹ ਕਾਂਗਰਸ ਦੇ 2 ਧੜ੍ਹਿਆਂ ਅਮਰੀਕ ਸਿੰਘ ਢਿੱਲੋਂ ਅਤੇ ਗੁਰਕੀਰਤ ਸਿੰਘ ਕੋਟਲੀ ਦੇ ਧੜ੍ਹਿਆਂ ਦੀ ਲੜਾਈ ਹੈ। ਕਿਉਂ ਕਿ ਦੋਵੇਂ ਨਵੇਂ ਨਿਯੁਕਤ ਕੀਤੇ ਗਏ ਅਹੁਦੇਦਾਰ ਕੋਟਲੀ ਧੜ੍ਹੇ ਨਾਲ ਸਬੰਧਿਤ ਸਮਰਾਲਾ ਦੇ ਕਾਂਗਰਸੀ ਹਲਕਾ ਇੰਚਾਰਜ, ਪਿਛਲੀ ਵਾਰ ਚੋਣ ਲੜ੍ਹ ਚੁੱਕੇ ਖੰਨਾ ਵਾਸੀ ਅਤੇ ਟਿਕਟ ਦੇ ਦਾਅਵੇਦਾਰ ਰੁਪਿੰਦਰ ਸਿੰਘ ਰਾਜਾ ਗਿੱਲ ਦੇ ਨਜਦੀਕੀ ਦੱਸੇ ਗਏ ਹਨ ਜਦੋਂ ਕਿ ਉਨ੍ਹਾਂ ਦੇ ਮੁਕਾਬਲੇ ਕਾਂਗਰਸੀ ਟਿਕਟ ਦੇ ਦਾਅਵੇਦਾਰ ਅਤੇ ਸਾਬਕ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੇ ਪੋਤੇ ਅਤੇ ਪੰਜਾਬ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ ਇੰਨਾਂ ਨਿਯੁਕਤੀਆਂ ਦੇ ਵਿਰੋਧੀ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਢਿੱਲੋਂ ਇਹ ਨਿਯੁਕਤੀਆਂ ਰੱਦ ਕਰਵਾਉਣੀਆਂ ਚਾਹੁੰਦੇ ਹਨ ਕਿਉਂ ਕਿ ਢਿੱਲੋਂ ਅਤੇ ਰਾਜਾ ਗਿੱਲ ਸਮਰਾਲਾ ਤੋਂ ਕਾਂਗਰਸੀ ਟਿਕਟ ਦੇ ਦਾਅਵੇਦਾਰ ਹਨ ਅਤੇ ਇਕ ਦੂਜੇ ਨੂੰ ਠਿੱਬੀ ਲਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਪਤਾ ਲੱਗਾ ਹੈ ਕਿ ਇਸ ਦਰਮਿਆਨ ਇਸ ਲੜਾਈ ਨੂੰ ਦੇਖਦੇ ਹੋਏ ਕਾਂਗਰਸੀ ਟਿਕਟ ਦੇ ਕੁੱਝ ਨਵੇਂ ਦਾਅਵੇਦਾਰ ਵੀ ਸਾਹਮਣੇ ਆਉਣ ਲੱਗੇ ਹਨ, ਜਿਨ੍ਹਾਂ ਵਿਚ ਉੱਘੇ ਕਾਂਗਰਸੀ ਐਡਵੋਕੇਟ ਜਸਪ੍ਰੀਤ ਸਿੰਘ ਕਲਾਲਮਾਜਰਾ ਅਤੇ ਸਾਬਕ ਚੇਅਰਮੈਨ ਤੇ ਉਘੇ ਕਾਂਗਰਸੀ ਅਜਮੇਰ ਸਿੰਘ ਪੂਰਬਾ ਦੇ ਨਾਮ ਵੀ ਨਵੇਂ ਦਾਅਵੇਦਾਰਾਂ ਵਿਚ ਸ਼ਾਮਿਲ ਹਨ। ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਸ਼ੁਭੀ ਨੇ ਦਾਅਵਾ ਕੀਤਾ ਕਿ ਪੰਜਾਬ ਯੂਥ ਕਾਂਗਰਸ ਬਹੁਤ ਵਧੀਆ ਕੰਮ ਕਰ ਰਹੀ ਹੈ। ਪਰ ਕਿਸੇ ਵੀ ਅਹੁਦੇਦਾਰ ਨੂੰ ਅਨੁਸ਼ਾਸਨ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਇਹ ਮਾਮਲਾ ਜਲਦੀ ਨਿਪਟਾ ਲਿਆ ਜਾਵੇਗਾ।