ਜਵਾਹਰ ਨਵੋਦਿਆ ਵਿਦਿਆਲਿਆ ਧਨਾਨਸੂ ਵਲੋਂ ਬਾਲ ਵਿਗਿਆਨ ਪ੍ਰਦਰਸ਼ਨੀ ਲਗਾਈ
ਕੁਹਾੜਾ, 19 ਅਗਸਤ (ਕੁਹਾੜਾ)-ਪੀ. ਐੱਮ.
ਕੁਹਾੜਾ, 19 ਅਗਸਤ (ਕੁਹਾੜਾ)-ਪੀ. ਐੱਮ. ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਧਨਾਨਸੂ ਵਿਖੇ ਦੋ ਦਿਨਾਂ ਕਲੱਸਟਰ ਪੱਧਰੀ ਬਾਲ ਵਿਗਿਆਨ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ ਵਿਚ ਪੰਜਾਬ-2 ਕਲੱਸਟਰ ਦੇ 12 ਸਕੂਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਪੂਰਵਕ ਭਾਗ ਲਿਆ। ਪ੍ਰਿੰਸੀਪਲ ਨਿਸ਼ੀ ਗੋਇਲ ਨੇ ਦੱਸਿਆ ਕਿ ਵਿਦਿਆਰਥੀਆਂ ਨੇ 6 ਵੱਖ-ਵੱਖ ਥੀਮਾਂ ਅਧੀਨ ਆਪਣੇ ਵਿਗਿਆਨਕ ਮਾਡਲ, ਪ੍ਰੋਜੈਕਟ ਅਤੇ ਨਵੀਨਤਮ ਵਿਚਾਰ ਪੇਸ਼ ਕੀਤੇ। ਇਨ੍ਹਾਂ ਪ੍ਰਦਰਸ਼ਿਤ ਮਾਡਲਾਂ ਰਾਹੀਂ ਵਿਦਿਆਰਥੀਆਂ ਨੇ ਵਿਗਿਆਨ ਨੂੰ ਰੋਜ਼ਾਨਾ ਜੀਵਨ ਨਾਲ ਜੋੜਨ ਅਤੇ ਵੱਖ-ਵੱਖ ਸਮੱਸਿਆਵਾਂ ਦੇ ਰਚਨਾਤਮਿਕ ਹੱਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰਦਰਸ਼ਨੀ ਦੇ ਨਾਲ ਇੱਕ ਵਿਸ਼ੇਸ਼ ਸੈਮੀਨਾਰ ਵੀ ਕਰਵਾਇਆ ਗਿਆ ਜਿਸ ਵਿਚ ਭਾਗ ਲੈਣ ਵਾਲੇ ਸਕੂਲਾਂ ਦੇ ਵਿਦਿਆਰਥੀਆਂ ਨੇ ਸਰਗਰਮੀ ਨਾਲ ਹਿੱਸਾ ਲਿਆ। ਵਿਦਿਆਰਥੀਆਂ ਨੇ ਸੈਮੀਨਾਰ ਦੌਰਾਨ ਆਪਣੇ ਵਿਚਾਰ, ਵਿਗਿਆਨਕ ਜਾਣਕਾਰੀ ਅਤੇ ਨਵੀਨਤਮ ਧਾਰਨਾਵਾਂ ਸਾਂਝੀਆਂ ਕੀਤੀਆਂ। ਜੱਜਾਂ ਵਲੋਂ ਵਿਦਿਆਰਥੀਆਂ ਦੇ ਮਾਡਲਾਂ ਅਤੇ ਪ੍ਰੋਜੈਕਟਾਂ ਦਾ ਨਿਰਧਾਰਿਤ ਮਾਪਦੰਡਾਂ ਅਨੁਸਾਰ ਮੁਲਾਂਕਣ ਕੀਤਾ ਗਿਆ। ਹਰੇਕ ਥੀਮ ਵਿਚੋਂ ਇੱਕ ਜੇਤੂ ਦੀ ਚੋਣ ਕੀਤੀ ਗਈ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਅਤੇ ਸਰਟੀਫਿਕੇਟ ਪ੍ਰਦਾਨ ਕਰ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਨਿਸ਼ੀ ਗੋਇਲ ਨੇ ਵਿਦਿਆਰਥੀਆਂ ਨੂੰ ਵਿਗਿਆਨ ਅਤੇ ਨਵੀਨਤਾ ਦੇ ਖੇਤਰ ਵਿਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਸਾਰੇ ਭਾਗ ਲੈਣ ਵਾਲੇ ਵਿਦਿਆਰਥੀਆਂ, ਐਸਕੋਰਟ ਅਧਿਆਪਕਾਂ, ਜੱਜਾਂ ਅਤੇ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ।