ਭਾਰਤ ਜਨਸ਼ਕਤੀ ਪਾਰਟੀ ਦੇ ਪ੍ਰਧਾਨ ਅਵਧੇਸ਼ ਪਾਂਡੇ ਨੂੰ ਧੋਖਾਧੜੀ ਦੇ ਮਾਮਲੇ ’ਚ ਨਿਪਾਲ ਸਰਹੱਦ ਤੋਂ ਖੰਨਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਖੰਨਾ, 8 ਸਤੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਪੁਲਿਸ ਨੇ ਭਾਰਤ ਜਨਸ਼ਕਤੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਵਧੇਸ਼ ਪਾਂਡੇ ਨੂੰ ਇਕ ਧੋਖਾਧੜੀ ਦੇ ਮਾਮਲੇ ਵਿੱਚ ਨੇਪਾਲ ਦੀ ਸਰਹੱਦ ਤੋਂ ਗ੍ਰਿਫ਼ਤਾਰ ਕੀਤਾ ਹੈ। ਗੌਰਤਲਬ ਹੈ ਕਿ ਇਹ ਮਾਮਲਾ ਲਗਭਗ ਚਾਰ ਸਾਲ ਪੁਰਾਣਾ ਹੈ ਅਤੇ ਮੁਲਜ਼ਮ ਲੰਬੇ ਸਮੇਂ ਤੋਂ ਫਰਾਰ ਸੀ।
ਖੰਨਾ, 8 ਸਤੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਪੁਲਿਸ ਨੇ ਭਾਰਤ ਜਨਸ਼ਕਤੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਵਧੇਸ਼ ਪਾਂਡੇ ਨੂੰ ਇਕ ਧੋਖਾਧੜੀ ਦੇ ਮਾਮਲੇ ਵਿੱਚ ਨੇਪਾਲ ਦੀ ਸਰਹੱਦ ਤੋਂ ਗ੍ਰਿਫ਼ਤਾਰ ਕੀਤਾ ਹੈ। ਗੌਰਤਲਬ ਹੈ ਕਿ ਇਹ ਮਾਮਲਾ ਲਗਭਗ ਚਾਰ ਸਾਲ ਪੁਰਾਣਾ ਹੈ ਅਤੇ ਮੁਲਜ਼ਮ ਲੰਬੇ ਸਮੇਂ ਤੋਂ ਫਰਾਰ ਸੀ। ਉਸ ਵਿਰੁੱਧ 2022 ਵਿੱਚ ਖੰਨਾ ਦੇ ਸਿਟੀ ਪੁਲਿਸ ਸਟੇਸ਼ਨ 2 ਵਿੱਚ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ, ਇਹ ਮਾਮਲਾ 30 ਅਕਤੂਬਰ, 2022 ਨੂੰ ਗੁਰੂ ਹਰਿਕ੍ਰਿਸ਼ਨ ਨਗਰ, ਖੰਨਾ ਦੇ ਵਸਨੀਕ ਰਾਜੇਸ਼ ਜੈਨ ਦੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਸੀ। ਜੈਨ ਨੇ ਦੱਸਿਆ ਕਿ ਅਗਸਤ 2021 ਵਿੱਚ, ਉਸਨੂੰ ਪਟਿਆਲਾ ਵਿੱਚ ਇੱਕ ਜਾਣਕਾਰ ਰਾਹੀਂ ਭਾਰਤ ਕਲਿਆਣ ਯੋਜਨਾ ਤਹਿਤ ਇੱਕ ਸਸਤੇ ਰਾਸ਼ਨ ਡਿਪੂ ਦੇ ਖੁੱਲ੍ਹਣ ਬਾਰੇ ਪਤਾ ਲੱਗਾ ਸੀ। ਇਸ ਦੌਰਾਨ ਉਸਦੀ ਮੁਲਾਕਾਤ ਅਵਧੇਸ਼ ਪਾਂਡੇ ਨਾਲ ਹੋਈ ਅਤੇ ਪਾਂਡੇ ਨੇ ਉਸਨੂੰ ਇਸ ਯੋਜਨਾ ਦੇ ਤਹਿਤ ਰਾਸ਼ਨ ਡਿਪੂ ਲੈ ਕੇ ਦੇਣ ਦਾ ਭਰੋਸਾ ਦਿੱਤਾ। ਰਾਜੇਸ਼ ਜੈਨ ਅਨੁਸਾਰ, ਦੋਸ਼ੀ ਨੇ ਡਿਪੂ ਖੋਲ੍ਹਣ ਲਈ ਸਿਕਿਉਰਟੀ ਦੀ ਰਕਮ ਵਜੋਂ ਉਸ ਤੋਂ 2 ਲੱਖ 20,000 ਰੁਪਏ ਦੀ ਮੰਗ ਕੀਤੀ ਸੀ ਅਤੇ ਮੈਂ ਇਹ ਪੈਸੇ ਆਪਣੀ ਪਤਨੀ ਦੇ ਗਹਿਣੇ ਗਹਿਣੇ ਰੱਖ ਕੇ ਦਿੱਤੇ ਸਨ। ਕਥਿਤ ਦੋਸ਼ੀ ਨੇ ਉਸਨੂੰ ਰਾਸ਼ਨ ਡੀਪੂ ਖੋਲਣ ਦਾ ਇੱਕ ਜਾਅਲੀ ਲਾਇਸੈਂਸ ਦੇ ਦਿੱਤਾ। ਦੋਸ਼ ਹੈ ਕਿ ਰਾਜੇਸ਼ ਜੈਨ ਨੂੰ ਫਿਰ ਗਰੀਬ ਲੋਕਾਂ ਲਈ ਰਾਸ਼ਨ ਕਾਰਡ ਬਣਾਉਣ ਲਈ ਕਿਹਾ ਗਿਆ। ਉਸਨੇ ਲਗਭਗ 700 ਲੋਕਾਂ ਨੂੰ ਰਜਿਸਟਰ ਕੀਤਾ ਅਤੇ ਕਥਿਤ ਤੌਰ ’ਤੇ ਉਨ੍ਹਾਂ ਤੋਂ ਪ੍ਰਤੀ ਕਾਰਡ 50 ਰੁਪਏ ਵਸੂਲ ਕੀਤੇ। ਬਾਅਦ ਵਿੱਚ, ਜਾਂਚ ਦੌਰਾਨ, ਇਹ ਪਤਾ ਲੱਗਾ ਕਿ ਇਹ ਲਾਇਸੈਂਸ ਜਾਅਲੀ ਸੀ। ਰਾਜੇਸ਼ ਜੈਨ ਦੀ ਸ਼ਿਕਾਇਤ ਦੇ ਆਧਾਰ ’ਤੇ, ਅਵਧੇਸ਼ ਪਾਂਡੇ ਵਿਰੁੱਧ ਖੰਨਾ ਦੇ ਸਿਟੀ ਪੁਲਿਸ ਸਟੇਸ਼ਨ-2 ਵਿੱਚ ਧੋਖਾਧੜੀ ਸਮੇਤ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਕੇਸ ਦਰਜ ਹੋਣ ਤੋਂ ਬਾਅਦ ਤੋਂ ਹੀ ਦੋਸ਼ੀ ਫਰਾਰ ਸੀ।ਪੁਲਿਸ ਅਨੁਸਾਰ ਐਸ. ਐਸ. ਪੀ ਡਾ. ਦਰਪਨ ਆਹਲੂਵਾਲੀਆ ਦੇ ਨਿਰਦੇਸ਼ਾਂ ’ਤੇ, ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਟੀਮਾਂ ਬਣਾਈਆਂ ਗਈਆਂ ਸਨ। ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ, ਖੰਨਾ ਪੁਲਿਸ ਨੇ ਨੇਪਾਲ ਸਰਹੱਦ ਤੋਂ ਮੁਲਜ਼ਮ ਅਵਧੇਸ਼ ਪਾਂਡੇ ਨੂੰ ਗ੍ਰਿਫ਼ਤਾਰ ਕਰ ਲਿਆ।