ਸਰਕਾਰ ਦੇ ਲਾਰਿਆਂ ਤੋਂ ਅੱਕੀਆਂ ਆਂਗਣਵਾੜੀ ਵਰਕਰਾਂ ਨੇ ਵਿਧਾਇਕ ਦੇ ਦਫ਼ਤਰ ਅੱਗੇ ਲਾਇਆ ਧਰਨਾ
ਵਿਧਾਇਕ ਵਲੋਂ ਮੰਗ ਪੱਤਰ ਲੈਣ ਤੋਂ ਬਾਅਦ ਚੁੱਕਿਆ ਧਰਨਾ
ਸਮਰਾਲਾ, 17 ਅਕਤੂਬਰ (ਗੋਪਾਲ ਸੋਫਤ/ਕੁਲਵਿੰਦਰ ਸਿੰਘ)–ਪੰਜਾਬ ਸਰਕਾਰ ਵਲੋਂ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਲੈ ਕੇ ਦਿੱਤੇ ਜਾ ਰਹੇ ਭਰੋਸਿਆਂ ਦੇ ਬਾਵਜੂਦ ਮੰਗਾਂ ਦਾ ਹੱਲ ਨਾ ਹੋਣ ਤੋਂ ਖ਼ਫ਼ਾ ਆਂਗਣਵਾੜੀ ਵਰਕਰਾਂ ਵਲੋਂ ਅੱਜ ਸਮਰਾਲਾ ਵਿਖੇ ਰੋਸ ਪ੍ਰਦਰਸ਼ਨ ਕਰਦਿਆਂ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੀ ਅਗਵਾਈ ਹੇਠ ਇਕੱਠੀਆਂ ਹੋਈਆਂ ਵਰਕਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਆਪਣੀਆਂ ਮੰਗਾਂ ਤੁਰੰਤ ਪੂਰੀਆਂ ਕਰਨ ਦੀ ਮੰਗ ਕੀਤੀ।
ਸਮਰਾਲਾ, 17 ਅਕਤੂਬਰ (ਗੋਪਾਲ ਸੋਫਤ/ਕੁਲਵਿੰਦਰ ਸਿੰਘ)–ਪੰਜਾਬ ਸਰਕਾਰ ਵਲੋਂ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਲੈ ਕੇ ਦਿੱਤੇ ਜਾ ਰਹੇ ਭਰੋਸਿਆਂ ਦੇ ਬਾਵਜੂਦ ਮੰਗਾਂ ਦਾ ਹੱਲ ਨਾ ਹੋਣ ਤੋਂ ਖ਼ਫ਼ਾ ਆਂਗਣਵਾੜੀ ਵਰਕਰਾਂ ਵਲੋਂ ਅੱਜ ਸਮਰਾਲਾ ਵਿਖੇ ਰੋਸ ਪ੍ਰਦਰਸ਼ਨ ਕਰਦਿਆਂ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੀ ਅਗਵਾਈ ਹੇਠ ਇਕੱਠੀਆਂ ਹੋਈਆਂ ਵਰਕਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਆਪਣੀਆਂ ਮੰਗਾਂ ਤੁਰੰਤ ਪੂਰੀਆਂ ਕਰਨ ਦੀ ਮੰਗ ਕੀਤੀ। ਇਸ ਮੌਕੇ ਜਥੇਬੰਦੀ ਦੀ ਬਲਾਕ ਪ੍ਰਧਾਨ ਪਰਮਜੀਤ ਕੌਰ ਅਤੇ ਮਾਛੀਵਾੜਾ ਬਲਾਕ ਪ੍ਰਧਾਨ ਮਨਜੀਤ ਕੌਰ ਨੇ ਕਿਹਾ ਕਿ ਪੰਜਾਬ ਭਰ ਵਿਚ ਹਜ਼ਾਰਾਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਕਈ ਅਹਿਮ ਤੇ ਜਾਇਜ਼ ਮੰਗਾਂ ਲੰਬੇ ਸਮੇਂ ਤੋਂ ਸਰਕਾਰ ਕੋਲ ਲਟਕਦੀਆਂ ਆ ਰਹੀਆਂ ਹਨ। ਇਨ੍ਹਾਂ ਮੰਗਾਂ ਨੂੰ ਲੈ ਕੇ ਜਥੇਬੰਦੀ ਵਲੋਂ ਪੰਜਾਬ ਸਰਕਾਰ ਦੇ ਵੱਖ-ਵੱਖ ਨੁਮਾਇੰਦਿਆਂ ਨਾਲ ਕਈ ਵਾਰ ਮੀਟਿੰਗਾਂ ਵੀ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਹਰ ਵਾਰ ਮੀਟਿੰਗ ਦੌਰਾਨ ਸਰਕਾਰ ਵਲੋਂ ਮੰਗਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਜਾਂਦਾ ਰਿਹਾ ਹੈ, ਪਰ ਅਮਲੀ ਪੱਧਰ ’ਤੇ ਇਨ੍ਹਾਂ ਮੰਗਾਂ ਨੂੰ ਲਾਗੂ ਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਆਗੂਆਂ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵਲੋਂ ਬੱਚਿਆਂ ਅਤੇ ਮਹਿਲਾਵਾਂ ਦੀ ਭਲਾਈ ਨਾਲ ਜੁੜੀਆਂ ਕਈ ਮਹੱਤਵਪੂਰਨ ਜ਼ਿੰਮੇਵਾਰੀਆਂ ਨਿਭਾਈਆਂ ਜਾ ਰਹੀਆਂ ਹਨ। ਇਸ ਦੇ ਬਾਵਜੂਦ ਉਨ੍ਹਾਂ ਦੀਆਂ ਸਮੱਸਿਆਵਾਂ ਵੱਲ ਲਗਾਤਾਰ ਅਣਗਹਿਲੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਾਰ-ਵਾਰ ਮਿਲ ਰਹੇ ਭਰੋਸਿਆਂ ਦੇ ਬਾਵਜੂਦ ਮੰਗਾਂ ਦਾ ਹੱਲ ਨਾ ਹੋਣ ਕਾਰਨ ਵਰਕਰਾਂ ਵਿਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਬੁਲਾਰਿਆਂ ਨੇ ਕਿਹਾ ਕਿ ਅੱਜ ਦਾ ਧਰਨਾ ਪੰਜਾਬ ਸਰਕਾਰ ਨੂੰ ਆਪਣੀਆਂ ਮੰਗਾਂ ਪ੍ਰਤੀ ਗੰਭੀਰਤਾ ਦਿਖਾਉਣ ਅਤੇ ਲੰਬੇ ਸਮੇਂ ਤੋਂ ਚੱਲ ਰਹੇ ਮਸਲਿਆਂ ਦਾ ਸਥਾਈ ਹੱਲ ਕਰਨ ਲਈ ਚੇਤਾਵਨੀ ਦੇਣ ਵਾਸਤੇ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਮੰਗਾਂ ਨੂੰ ਸਿਰਫ਼ ਮੀਟਿੰਗਾਂ ਅਤੇ ਭਰੋਸਿਆਂ ਤੱਕ ਸੀਮਤ ਨਾ ਰੱਖਦੇ ਹੋਏ ਜ਼ਮੀਨੀ ਪੱਧਰ ’ਤੇ ਲਾਗੂ ਕਰਨਾ ਚਾਹੀਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਨੇ ਹੁਣ ਵੀ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਜਲਦ ਤੋਂ ਜਲਦ ਪੂਰਾ ਨਾ ਕੀਤਾ ਤਾਂ ਜਥੇਬੰਦੀ ਵਲੋਂ ਆਉਣ ਵਾਲੇ ਸਮੇਂ ਵਿਚ ਇਸ ਤੋਂ ਵੀ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਸੰਘਰਸ਼ ਦੌਰਾਨ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਇਸ ਮੌਕੇ ਪਰਮਜੀਤ ਕੌਰ ਸਰਕਲ ਪ੍ਰਧਾਨ, ਕੁਲਵੰਤ ਕੌਰ ਨੀਲੋਂ ਬਲਾਕ ਜਨਰਲ ਸਕੱਤਰ, ਹਰਦੀਪ ਕੌਰ ਬੌਂਦਲੀ ਸਰਕਲ ਪ੍ਰਧਾਨ, ਕਮਲਦੀਪ ਕੌਰ, ਕੁਲਵਿੰਦਰ ਕੌਰ, ਸੁਖਵਿੰਦਰ ਕੌਰ, ਬਲਜਿੰਦਰ ਕੌਰ, ਪਰਮਜੀਤ ਕੌਰ, ਹਰਦੀਪ ਕੌਰ, ਬਲਵਿੰਦਰ ਕੌਰ, ਬਲਵੀਰ ਕੌਰ, ਦਲਜੀਤ ਕੌਰ, ਮਨਦੀਪ ਕੌਰ, ਕੁਲਵੀਰ ਕੌਰ, ਹਰਪ੍ਰੀਤ ਕੌਰ ਅਤੇ ਮਨਜੀਤ ਕੌਰ ਸਮੇਤ ਵੱਖ-ਵੱਖ ਪਿੰਡਾਂ ਤੋਂ ਪਹੁੰਚੀਆਂ ਆਂਗਣਵਾੜੀ ਵਰਕਰਾਂ ਵੱਡੀ ਗਿਣਤੀ ਵਿੱਚ ਮੌਜੂਦ ਸਨ।