ਬੀ. ਡੀ. ਪੀ. ਓ. ਦੇ ਹੁਕਮਾਂ ’ਤੇ ਪੰਚਾਇਤਾਂ ਨਹੀਂ ਕਰਦੀਆਂ ਹੱਡਾ-ਰੋੜੀ ਦੀ ਚਾਰਦੀਵਾਰੀ, ਲੋਕ ਪ੍ਰੇਸ਼ਾਨ
ਖੰਨਾ, 4 ਨਵੰਬਰ (ਹਰਜਿੰਦਰ ਸਿੰਘ ਲਾਲ)- ਬੀ. ਡੀ.
ਖੰਨਾ, 4 ਨਵੰਬਰ (ਹਰਜਿੰਦਰ ਸਿੰਘ ਲਾਲ)- ਬੀ. ਡੀ. ਪੀ. ਓ. ਖੰਨਾ ਦੇ ਹੁਕਮਾਂ ਦੇ ਬਾਵਜੂਦ ਹੱਡਾ-ਰੋੜੀ ਦੀ ਚਾਰਦੀਵਾਰੀ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ। ਇਹ ਗੱਲ ਉਘੇ ਸਮਾਜ ਸੇਵਕ ਅਤੇ ਪਿੰਡ ਗੋਹ, ਹਰਿਓਂ ਕਲਾਂ ਅਤੇ ਲਲਹੇੜੀ ਨਿਵਾਸੀਆਂ ਨੇ ਕਹੀ ਹੈ। ਗੋਹ ਨਿਵਾਸੀ ਰਣਬੀਰ ਸਿੰਘ ਬਰਨ ਨੇ ਕਿਹਾ ਕਿ ਇਹ ਇਸ ਇਲਾਕੇ ਦੀ ਇਕ ਗੰਭੀਰ ਸਮੱਸਿਆ ਹੈ। ਇਹ ਹੱਡਾਰੋੜੀ ਪਿੰਡ ਹਰਿਓਂ ਕਲਾਂ ਅਤੇ ਲਲਹੇੜੀ ਦੇ ਵਿਚਕਾਰ ਮੇਨ ਲਿੰਕ ਰੋਡ ਉੱਪਰ ਸਾਂਝੀ ਹੈ। ਪਰ ਇਸ ਹੱਡਾ-ਰੋੜੀ ਦੀ ਚਾਰਦੀਵਾਰੀ ਨਾ ਹੋਣ ਕਾਰਨ ਆਵਾਰਾ ਕੁੱਤੇ ਮਰੇ ਹੋਏ ਪਸ਼ੂਆਂ ਨੂੰ ਖਿੱਚ ਕੇ ਸੜਕ ਦੇ ਵਿਚਕਾਰ ਲੈ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਇਕ ਆਨਲਾਈਨ ਸ਼ਿਕਾਇਤ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ, ਖੰਨਾ ਨੂੰ ਕੀਤੀ ਸੀ, ਜਿਸ ਤੇ ਬੀ. ਡੀ. ਪੀ. ਓ. ਨੇ ਦੋਹਾਂ ਗ੍ਰਾਮ ਪੰਚਾਇਤਾਂ (ਹਰਿਓਂ ਕਲਾਂ ਅਤੇ ਲਲਹੇੜੀ) ਦੇ ਸਰਪੰਚਾਂ ਨੂੰ ਤੁਰੰਤ ਚਾਰਦੀਵਾਰੀ ਕਰਕੇ ਲਿਖਤੀ ਰਿਪੋਰਟ ਦੇਣ ਦੇ ਹੁਕਮ ਦਿੱਤੇ ਸਨ। ਪੱਤਰ ਵਿਚ ਇਸ ਕੰਮ ਨੂੰ ਪਹਿਲ ਦੇ ਅਧਾਰ ਤੇ ਕਰਨ ਲਈ ਵੀ ਕਿਹਾ ਗਿਆ ਸੀ। ਜਦੋਂ ਕਿ ਅੱਜ ਵੀ ਇਕ ਮਰੇ ਹੋਏ ਪਸ਼ੂ ਦੀ ਲਾਸ਼ ਨੂੰ ਕੁੱਤਿਆਂ ਵਲੋਂ ਖਿੱਚ ਕੇ ਸੜਕ ਦੇ ਵਿਚਕਾਰ ਲਿਆਂਦਾ ਗਿਆ, ਜਿਸ ਕਾਰਨ ਆਉਣ-ਜਾਣ ਵਾਲੇ ਸਕੂਲੀ ਬੱਚਿਆਂ, ਔਰਤਾਂ ਤੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲ ਤੇ ਬਦਬੂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਸ ਨਾਲ ਬਿਮਾਰੀਆਂ ਫੈਲਣ ਤੇ ਸੜਕ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਇਹ ਚਾਰਦੀਵਾਰੀ ਜਲਦੀ ਤੋਂ ਜਲਦੀ ਕੀਤੀ ਜਾਵੇ ਤਾਂ ਜੋ ਲੋਕ ਪ੍ਰੇਸ਼ਾਨੀ ਤੋਂ ਬਚ ਸਕਣ।