ਕਲੀਨਿਕ ’ ਚ ਟੀਕਾ ਲਗਵਾਉਣ ਤੋਂ ਕੁਝ ਮਿੰਟ ਬਾਅਦ ਹੀ ਵਿਅਕਤੀ ਦੀ ਮੌਤ
ਲੁਧਿਆਣਾ, 11 ਨਵੰਬਰ (ਡਾ. ਤਰਲੋਚਨ ਸਿੰਘ)- ਥਾਣਾ ਡਵੀਜ਼ਨ ਨੰਬਰ ਦੋ ਅਧੀਨ ਪੈਂਦੇ ਮੁਹੱਲਾ ਇਸਲਾਮਗੰਜ ਸਥਿਤ ਇਕ ਕਲੀਨਿਕ ਵਿਚ ਪੇਟ ਵਿਚ ਦਰਦ ਦੀ ਸ਼ਿਕਾਇਤ ਦੇ ਚਲਦੇ ਇਲਾਜ਼ ਕਰਵਾਉਣ ਲਈ ਆਏ ਵਿਅਕਤੀ ਦੀ ਡਾਕਟਰ ਵਲੋਂ ਟੀਕਾ ਲਗਾਉਣ ’ਤੇ ਕੁਝ ਮਿੰਟਾਂ ਬਾਅਦ ਹੀ ਮੌਤ ਹੋ ਗਈ।
ਲੁਧਿਆਣਾ, 11 ਨਵੰਬਰ (ਡਾ. ਤਰਲੋਚਨ ਸਿੰਘ)- ਥਾਣਾ ਡਵੀਜ਼ਨ ਨੰਬਰ ਦੋ ਅਧੀਨ ਪੈਂਦੇ ਮੁਹੱਲਾ ਇਸਲਾਮਗੰਜ ਸਥਿਤ ਇਕ ਕਲੀਨਿਕ ਵਿਚ ਪੇਟ ਵਿਚ ਦਰਦ ਦੀ ਸ਼ਿਕਾਇਤ ਦੇ ਚਲਦੇ ਇਲਾਜ਼ ਕਰਵਾਉਣ ਲਈ ਆਏ ਵਿਅਕਤੀ ਦੀ ਡਾਕਟਰ ਵਲੋਂ ਟੀਕਾ ਲਗਾਉਣ ’ਤੇ ਕੁਝ ਮਿੰਟਾਂ ਬਾਅਦ ਹੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦੀ ਪਛਾਣ ਮੂਲ ਰੂਪ ਵਿਚ ਬਿਹਾਰ ਦੇ ਰਹਿਣ ਵਾਲੇ 27 ਸਾਲਾ ਰਾਜੇਸ਼ ਦੇ ਰੂਪ ਵਿਚ ਹੋਈ ਹੈ। ਇੱਥੇ ਉਹ ਫ਼ੋਨ ਰਿਪੇਰਿੰਗ ਦਾ ਕੰਮ ਕਰਦਾ ਸੀ। ਉਹ ਸ਼ਾਦੀਸ਼ੁਦਾ ਸੀ ਅਤੇ ਉਸ ਦੇ ਦੋ ਬੱਚੇ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ-2 ਦੀ ਪੁਲਿਸ ਮੌਕੇ ਤੇ ਪਹੁੰਚੀ। ਪੁਲਿਸ ਨੇ ਕਲੀਨਿਕ ਚਲਾ ਰਹੇ ਡਾਕਟਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਵਲੋਂ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ। ਘਟਨਾ ਤੋਂ ਬਾਅਦ ਮੌਕੇ ‘ਤੇ ਮੌਜੂਦ ਪਰਿਵਾਰਕ ਮੈਂਬਰਾਂ ਨੇ ਡਾਕਟਰ ਦੀ ਕਲੀਨਿਕ ਨੂੰ ਘੇਰ ਲਿਆ ਤੇ ਜੰਮ ਕੇ ਹੰਗਾਮਾ ਕੀਤਾ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਡਾਕਟਰ ਕੋਲ ਡਾਕਟਰੀ ਦਾ ਲਾਈਸੈਂਸ ਵੀ ਨਹੀਂ ਹੈ। ਹਾਲਾਂਕਿ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਸਥਿਤੀ ਨੂੰ ਕਾਬੂ ਵਿਚ ਕਰ ਲਿਆ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੌਤ ਦੇ ਅਸਲ ਕਾਰਨਾਂ ਦਾ ਪੋਸਟਮਾਰਟਮ ਦੀ ਰਿਪੋਰਟ ਅਤੇ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।