ਰੂੜੇਕੇ ਕਲਾਂ, 3 ਜਨਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)-ਦਸਮੇਸ਼ ਪਿਤਾ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਹਰਚਰਨ ਕਮਲ ਸਾਹਿਬ ਨਾਨਕਪੁਰਾ ਧੌਲਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਸਜਾਇਆ ਗਿਆ | ਗੁਰਦੁਆਰਾ ਫ਼ਤਿਹਗੜ੍ਹ ਸਾਹਿਬ ਫ਼ਤਿਹਪੁਰ ਧੌਲਾ ਦੇ ਪ੍ਰਧਾਨ ਗੁਰਜੰਟ ਸਿੰਘ ਫ਼ੌਜੀ, ਮਾਸਟਰ ਬਲਦੇਵ ਸਿੰਘ ਧੌਲਾ ਤੇ ਪ੍ਰਬੰਧਕ ਕਮੇਟੀ ਵਲੋਂ ਪੰਜ ਪਿਆਰਿਆਂ, ਗ੍ਰੰਥੀ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਹਾਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ | ਸਿੱਖ ਪੰਥ ਦੇ ਰਾਗੀ, ਢਾਡੀ ਤੇ ਕਵੀਸ਼ਰੀ ਜਥਿਆਂ ਨੇ ਸਿੱਖ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਸੰਗਤਾਂ ਲਈ ਪਿੰਡ ਵਾਸੀਆਂ ਵਲੋਂ ਲੰਗਰ ਲਗਾਏ ਗਏ | ਗਤਕਾ ਪਾਰਟੀਆਂ ਨੇ ਸ਼ਾਸਤਰ ਵਿੱਦਿਆ ਦੇ ਜੌਹਰ ਦਿਖਾਏ | ਇਸ ਮੌਕੇ ਬਿੰਦਰ ਸਿੰਘ, ਗੁਰਲਾਭ ਸਿੰਘ, ਜਗਸੀਰ ਸਿੰਘ ਫ਼ੌਜੀ, ਜਗਸੀਰ ਸਿੰਘ, ਮੇਜਰ ਸਿੰਘ ਗ੍ਰੰਥੀ, ਜਗਤਾਰ ਸਿੰਘ, ਮਹਿਕਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |