ਬਰਨਾਲਾ, 3 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)-ਟਰਾਈਡੈਂਟ ਗਰੁੱਪ ਵਲੋਂ ਆਪਣਾ ਸਾਲਾਨਾ 'ਵਿਜ਼ਨ ਡੇ' ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸੰਸਥਾ ਵਿਚ 20 ਸਾਲ ਤੋਂ ਵੱਧ ਸਮੇਂ ਤੋਂ ਸੇਵਾ ਨਿਭਾ ਰਹੇ ਕਰਮਚਾਰੀਆਂ ਨੂੰ ਉਨ੍ਹਾਂ ਦੀ ਨਿਸ਼ਠਾ, ਸਮਰਪਣ ਅਤੇ ਅਥਾਹ ਮਿਹਨਤ ਲਈ ਸਨਮਾਨਿਤ ਕੀਤਾ ਗਿਆ | ਜ਼ਿਕਰਯੋਗ ਹੈ ਕਿ 'ਵਿਜ਼ਨ ਡੇ' ਟਰਾਈਡੈਂਟ ਗਰੁੱਪ ਦੇ ਚੇਅਰਮੈਨ ਐਮੇਰਿਟਸ ਅਤੇ ਰਾਜ ਸਭਾ ਮੈਂਬਰ ਪਦਮਸ਼੍ਰੀ ਰਾਜਿੰਦਰ ਗੁਪਤਾ ਦੇ ਜਨਮਦਿਨ ਦੇ ਮੌਕੇ ਮਨਾਇਆ ਜਾਂਦਾ ਹੈ | ਟਰਾਈਡੈਂਟ ਅਧਿਕਾਰੀ ਸ੍ਰੀ ਰੁਪਿੰਦਰ ਗੁਪਤਾ ਨੇ ਦੱਸਿਆ ਕਿ ਇਹ ਸਮਾਗਮ ਟਰਾਈਡੈਂਟ ਦੇ ਪੰਜਾਬ ਦੇ ਬਰਨਾਲਾ ਜ਼ਿਲੇ੍ਹ ਵਿਖੇ ਸੰਘੇੜਾ ਅਤੇ ਮੱਧ ਪ੍ਰਦੇਸ਼ ਦੇ ਬੁਧਨੀ ਪਲਾਂਟਾਂ ਵਿਚ ਇਕੱਠੇ ਆਯੋਜਿਤ ਕੀਤੇ ਗਏ | ਇਸ ਦੌਰਾਨ 'ਲਾਂਗ ਸਰਵਿਸ ਅਵਾਰਡਜ਼' ਦੇ ਕੇ ਇਨ੍ਹਾਂ ਕਰਮਚਾਰੀਆਂ ਨੂੰ ਟਰਾਈਡੈਂਟ ਪਰਿਵਾਰ ਦੇ ਸੱਚੇ ਸਤੰਭ ਵਜੋਂ ਸਨਮਾਨ ਦਿੱਤਾ ਗਿਆ ਅਤੇ 230 ਤੋਂ ਵੱਧ ਲੰਬੀ ਸੇਵਾ ਨਿਭਾਉਣ ਵਾਲੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਉਤਸ਼ਾਹ ਵਧਾਉਣ ਲਈ ਵੱਖ-ਵੱਖ ਖੇਡ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ, ਜਿਨ੍ਹਾਂ ਵਿਚ 100 ਮੀਟਰ ਦੌੜ, 400 ਮੀਟਰ ਰੀਲੇ ਦੌੜ, ਰੱਸਾਕਸ਼ੀ ਅਤੇ ਕਿ੍ਕਟ ਮੈਚ ਸ਼ਾਮਲ ਸਨ | ਇਸ ਤੋਂ ਇਲਾਵਾ ਸੋਲੋ ਡਾਂਸ ਵਰਗੇ ਸਭਿਆਚਾਰਕ ਪ੍ਰੋਗਰਾਮਾਂ ਨੇ ਕਰਮਚਾਰੀਆਂ ਦੀ ਪ੍ਰਤਿਭਾ ਅਤੇ ਆਪਸੀ ਸਾਂਝ ਨੂੰ ਦਰਸਾਇਆ | ਇਸ ਮੌਕੇ ਆਪਣੇ ਸੰਦੇਸ਼ ਵਿਚ ਪਦਮਸ਼੍ਰੀ ਰਾਜਿੰਦਰ ਗੁਪਤਾ ਨੇ ਕਿਹਾ ਕਿ 'ਵਿਜ਼ਨ ਡੇ' ਟਰਾਈਡੈਂਟ ਦੇ ਉਨ੍ਹਾਂ ਕਰਮਵੀਰਾਂ ਅਤੇ ਕਰਮਯੋਗੀਆਂ ਨੂੰ ਸਮਰਪਿਤ ਹੈ, ਜਿਨ੍ਹਾਂ ਦੀ ਮਿਹਨਤ ਅਤੇ ਸਮਰਪਣ ਨਾਲ ਸੰਸਥਾ ਨੇ ਸਫਲਤਾ ਦੀਆਂ ਉਚਾਈਆਂ ਹਾਸਲ ਕੀਤੀਆਂ ਹਨ | ਉਨ੍ਹਾਂ ਨੇ ਐਲਾਨ ਕੀਤਾ ਕਿ ਸਾਲ 2026 ਕਰਮਵੀਰਾਂ ਅਤੇ ਕਰਮਯੋਗੀਆਂ ਨੂੰ ਸਮਰਪਿਤ ਰਹੇਗਾ, ਜੋ ਮਿਸ਼ਨ 'ਪਹਿਲਾਂ ਖ਼ੁਸ਼ੀ, ਫਿਰ ਖ਼ੁਸ਼ਹਾਲੀ' ਤੋਂ ਪ੍ਰੇਰਿਤ ਹੋਵੇਗਾ |