ਤਪਾ ਮੰਡੀ, 23 ਜਨਵਰੀ (ਪ੍ਰਵੀਨ ਗਰਗ)-ਸ਼ਿਵਾਲਿਕ ਪਬਲਿਕ ਸਕੂਲ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ | ਸਮਾਗਮ ਦੌਰਾਨ ਸਕੂਲ ਦਾ ਮਾਹੌਲ ਪੂਰੀ ਤਰ੍ਹਾਂ ਰੰਗੀਨ ਅਤੇ ਖ਼ੁਸ਼ਨੁਮਾ ਰਿਹਾ | ਸਮਾਗਮ ਦੀ ਖ਼ਾਸੀਅਤ ਇਹ ਰਹੀ ਕਿ ਅੱਜ ਦੇ ਦਿਨ ਸਕੂਲ ਦੇ ਸਾਰੇ ਵਿਦਿਆਰਥੀ ਅਤੇ ਅਧਿਆਪਕ ਪੀਲੇ ਰੰਗ ਦੇ ਪਹਿਰਾਵੇ ਪਹਿਨ ਕੇ ਆਏ ਸਨ | ਸਕੂਲ ਦੇ ਪ੍ਰੀ-ਪ੍ਰਾਇਮਰੀ ਵਿੰਗ ਦੇ ਛੋਟੇ ਬੱਚੇ ਪੀਲੀਆਂ ਪੱਗਾਂ, ਦੁਪੱਟਿਆਂ ਅਤੇ ਸੂਟਾਂ ਵਿਚ ਖਿੜੇ ਹੋਏ ਸਰੋਂ੍ਹ ਦੇ ਫੁੱਲਾਂ ਵਾਂਗ ਨਜ਼ਰ ਆ ਰਹੇ ਸਨ | ਸਵੇਰ ਦੀ ਸਭਾ ਵਿਚ ਮਾਂ ਸਰਸਵਤੀ ਦੀ ਪੂਜਾ ਕੀਤੀ ਗਈ ਅਤੇ ਵਿਦਿਆਰਥੀਆਂ ਨੇ ਗਿਆਨ ਦੀ ਦੇਵੀ ਅੱਗੇ ਬਿਹਤਰ ਭਵਿੱਖ ਲਈ ਅਰਦਾਸ ਕੀਤੀ | ਖਾਣੇ ਦੇ ਸਮੇਂ ਦੌਰਾਨ ਵੀ ਪੀਲੇ ਰੰਗ ਦੀ ਮਹੱਤਤਾ ਦੇਖਣ ਨੂੰ ਮਿਲੀ | ਵਿਦਿਆਰਥੀ ਆਪਣੇ ਘਰਾਂ ਤੋਂ ਖ਼ਾਸ ਤੌਰ 'ਤੇ ਪੀਲੇ ਰੰਗ ਦੇ ਪਕਵਾਨ ਲੈ ਕੇ ਆਏ ਸਨ | ਸਾਰਿਆਂ ਨੇ ਇਕੱਠੇ ਬੈਠ ਕੇ ਇਸ ਸੁਆਦੀ ਖਾਣੇ ਦਾ ਅਨੰਦ ਮਾਣਿਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਮੋਨਿਕਾ ਗਰਗ ਨੇ ਵਿਦਿਆਰਥੀਆਂ ਨੂੰ ਬਸੰਤ ਪੰਚਮੀ ਦੇ ਇਤਿਹਾਸਕ ਅਤੇ ਸਭਿਆਚਾਰਕ ਮਹੱਤਵ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਨੇ ਬੱਚਿਆਂ ਨੂੰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਦੀ ਸਹੁੰ ਵੀ ਚੁਕਾਈ | ਸਮਾਗਮ ਦਾ ਅੰਤ ਰੰਗ-ਬਰੰਗੀਆਂ ਪਤੰਗਾਂ ਉਡਾ ਕੇ ਕੀਤਾ ਗਿਆ |