ਰੂੜੇਕੇ ਕਲਾਂ, 24 ਜਨਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਤੇ ਬਲਾਕ ਆਗੂਆਂ ਵਲੋਂ ਇਲਾਕੇ ਦੇ ਕਿਸਾਨਾਂ ਨੂੰ ਬਿਜਲੀ ਤੇ ਬੀਜ ਸੋਧ ਬਿਲ ਖ਼ਿਲਾਫ਼ ਜਥੇਬੰਦ ਕਰਨ ਅਤੇ ਹੋ ਰਹੀਆਂ ਧੱਕੇਸ਼ਾਹੀਆਂ ਤੋਂ ਇਲਾਕਾ ਨਿਵਾਸੀਆਂ ਨੂੰ ਜਾਣੂ ਕਰਵਾਉਣ ਲਈ ਬਲਾਕ ਬਰਨਾਲਾ ਦੀ ਵਿਸ਼ੇਸ਼ ਮੀਟਿੰਗ ਬਲਾਕ ਪ੍ਰਧਾਨ ਜਸਵੀਰ ਸਿੰਘ ਕਾਲੇਕੇ ਦੀ ਅਗਵਾਈ ਵਿਚ ਡੇਰਾ ਬਾਬਾ ਗਿਰੀਧਾਰੀ ਰਾਮ ਭੈਣੀ ਫੱਤਾ ਵਿਖੇ ਕੀਤੀ ਗਈ | ਕਿਸਾਨਾਂ ਦੀ ਵੱਡੀ ਗਿਣਤੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਜਸਵੀਰ ਸਿੰਘ ਕਾਲੇਕੇ, ਸੂਬਾ ਆਗੂ ਗੁਰਨਾਮ ਸਿੰਘ ਠੀਕਰੀਵਾਲ, ਜ਼ਿਲ੍ਹਾ ਆਗੂ ਜਸਮੇਲ ਸਿੰਘ ਕਾਲੇਕੇ, ਜ਼ਿਲ੍ਹਾ ਜਰਨਲ ਸਕੱਤਰ ਭੁਪਿੰਦਰ ਸਿੰਘ ਬਿੱਟੂ ਰੂੜੇਕੇ ਕਲਾਂ, ਰਾਜਿੰਦਰ ਸਿੰਘ ਦਰਾਕਾ, ਯਾਦਵਿੰਦਰ ਸਿੰਘ ਰਾਜਗੜ੍ਹ ਆਦਿ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਜੋ ਲੋਕ ਵਿਰੋਧੀ ਬਿਜਲੀ ਤੇ ਬੀਜ ਸੋਧ ਬਿਲ ਲਾਗੂ ਕਰ ਰਹੀ ਹੈ | ਬਿਜਲੀ ਬਿਲ 2025 ਜਿਸ ਨਾਲ ਕਿ ਸਾਰੀਆਂ ਸਬਸਿਡੀਆਂ ਖ਼ਤਮ ਹੋ ਜਾਣਗੀਆਂ | ਗ਼ਰੀਬ ਲੋਕਾਂ ਨੂੰ ਮਹਿੰਗੀ ਬਿਜਲੀ ਖ਼ਰੀਦ ਕੇ ਵਰਤਣੀ ਬਹੁਤ ਮੁਸ਼ਕਲ ਹੋ ਜਾਵੇਗੀ | ਪੰਜਾਬ ਵਾਸੀਆਂ ਦੇ ਟੈਕਸਾਂ ਨਾਲ ਬਣੇ ਬਿਜਲੀ ਗਰਿੱਡ ਤੇ ਦਫ਼ਤਰ ਕਾਰਪੋਰੇਟ ਪ੍ਰਾਈਵੇਟ ਘਰਾਨਿਆਂ ਨੂੰ ਦੇ ਦਿੱਤੇ ਜਾਣਗੇ | ਬੀਜ ਬਿਲ ਲਾਗੂ ਹੋਣ ਨਾਲ ਦੇਸ਼ ਦੇ ਸਾਰੇ ਬੀਜਾਂ ਤੇ ਵੱਡੇ ਕਾਰਪੋਰੇਟ ਪ੍ਰਾਈਵੇਟ ਘਰਾਣੇ ਕਾਬਜ਼ ਹੋ ਜਾਣਗੇ | ਜਿਨ੍ਹਾਂ ਵਲੋਂ ਆਪਣੀ ਮਰਜ਼ੀ ਦੇ ਦੁੱਗਣੇ ਰੇਟਾਂ 'ਤੇ ਬੀਜ ਕਿਸਾਨਾਂ ਨੂੰ ਦੇ ਕੇ ਕਿਸਾਨਾਂ ਦੀ ਆਰਥਿਕ ਲੁੱਟ ਹੋਵੇਗੀ | ਲੱਖਾਂ ਵਿਅਕਤੀ ਬੀਜ ਵਿਕਰੇਤਾ ਦੁਕਾਨਦਾਰ ਬੇਰੁਜ਼ਗਾਰ ਹੋ ਜਾਣਗੇ | ਕਿਸਾਨਾਂ ਦੇ ਰਵਾਇਤੀ ਬੀਜ ਖ਼ਤਮ ਕਰ ਦਿੱਤੇ ਜਾਣਗੇ | ਸਮੂਹ ਆਗੂਆਂ ਨੇ ਸਰਕਾਰ ਦੀਆਂ ਧੱਕੇਸ਼ਾਹੀਆਂ ਖ਼ਿਲਾਫ਼ ਜਥੇਬੰਦਕ ਹੋ ਕੇ ਇਲਾਕਾ ਨਿਵਾਸੀਆਂ ਨੂੰ ਤਿੱਖੀ ਲੜਾਈ ਲੜਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਪ੍ਰਧਾਨ ਬਲਜੀਤ ਸਿੰਘ ਬੱਲ੍ਹੀ ਪੱਖੋ ਕਲਾਂ, ਸੇਵਕ ਸਿੰਘ ਪੱਖੋ ਕਲਾਂ, ਲਖਵਿੰਦਰ ਸਿੰਘ, ਹਰਜੀਤ ਸਿੰਘ ਫ਼ਤਿਹਗੜ੍ਹ ਛੰਨਾਂ, ਜਸਕਰਨ ਸਿੰਘ ਭੈਣੀ ਫੱਤਾ, ਜਗਦੇਵ ਸਿੰਘ ਭੈਣੀ ਫੱਤਾ, ਇੰਦਰਜੀਤ ਸਿੰਘ ਧਨੌਲਾ, ਗੁਰਵਿੰਦਰ ਸਿੰਘ ਧਨੌਲਾ, ਗੁਰਜੰਟ ਸਿੰਘ ਫਰਵਾਹੀ, ਅਵਤਾਰ ਸਿੰਘ ਵਿੱਕੀ ਠੀਕਰੀਵਾਲ, ਗੁਰਤੇਜ ਸਿੰਘ ਨੰਬਰਦਾਰ ਕਾਲੇਕੇ, ਰੇਸ਼ਮ ਸਿੰਘ ਛੰਨਾ, ਸਤਨਾਮ ਸਿੰਘ ਕਾਹਨੇਕੇ, ਬਲਕਾਰ ਸਿੰਘ ਫਰਵਾਹੀ, ਚਮਕੌਰ ਸਿੰਘ ਭੈਣੀ ਫੱਤਾ, ਗੁਰਜੀਤ ਸਿੰਘ ਭੈਣੀ ਫੱਤਾ, ਹਰਮਨਜੀਤ ਸਿੰਘ ਭੈਣੀ ਫੱਤਾ ਤੋਂ ਇਲਾਵਾ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਹਾਜ਼ਰ ਸਨ |