ਸ਼ਹਿਣਾ, 24 ਜਨਵਰੀ (ਸੁਰੇਸ਼ ਗੋਗੀ)-ਪਿੰਡ ਉਗੋਕੇ ਦੀਆਂ ਸਾਰੀਆਂ ਗਲੀਆਂ ਨੂੰ ੳੱੁਚਾ ਚੱੁਕ ਕੇ ਪੱਕਾ ਕੀਤਾ ਜਾ ਰਿਹਾ ਹੈ | ਇਹ ਸ਼ਬਦ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਪਿੰਡ ਉਗੋਕੇ ਦੇ ਜਗਸੀਰ ਸਿੰਘ ਬੱਬੂ ਦੇ ਗ੍ਰਹਿ ਵਿਖੇ ਗੱਲਬਾਤ ਕਰਦਿਆਂ ਆਖੇ | ਉਨ੍ਹਾਂ ਕਿਹਾ ਕਿ ਪਿੰਡ ਦੀਆਂ 19 ਦੇ ਕਰੀਬ ਗਲੀਆਂ ਵਿਚ ਇੰਟਰਲਾਕ ਟਾਈਲ ਲਾਈ ਜਾ ਰਹੀ ਹੈ ਜਿਸ 'ਤੇ ਸਵਾ ਕਰੋੜ ਤੋਂ ਵੱਧ ਰਾਸ਼ੀ ਖ਼ਰਚ ਆਵੇਗੀ | ਪਿੰਡ ਦੀ ਪੁਰਾਤਨ ਸੱਥ ਨੂੰ ਆਧੁਨਿਕ ਰੂਪ ਦੇ ਕੇ ਚਾਰ ਲੱਖ ਰੁਪਏ ਦੀ ਰਾਸ਼ੀ ਖ਼ਰਚ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਪਿੰਡ ਦੇ ਬੱਸ ਅੱਡੇ 'ਤੇ 6 ਲੱਖ ਰੁਪਏ ਖ਼ਰਚ ਕੀਤੇ ਗਏ ਹਨ ਅਤੇ ਸਵਾਰੀਆਂ ਦੇ ਬੈਠਣਯੋਗ ਬਣਾਇਆ ਗਿਆ ਹੈ | ਉਨ੍ਹਾਂ ਇਹ ਵੀ ਕਿਹਾ ਕਿ ਪਿੰਡ ਦੇ ਇਕ ਛੱਪੜ ਦਾ ਕੰਮ ਮੁਕੰਮਲ ਹੋ ਚੱੁਕਿਆ ਹੈ, ਜਦਕਿ ਦੋ ਛੱਪੜਾਂ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ | ਜਿਸ ਲਈ 70 ਲੱਖ ਦੀ ਰਾਸ਼ੀ ਖ਼ਰਚ ਕੀਤੀ ਜਾਵੇਗੀ | ਲਾਭ ਸਿੰਘ ਉਗੋਕੇ ਨੇ ਕਿਹਾ ਕਿ ਪਿੰਡ ਵਿਚ ਸੁਵਿਧਾ ਕੇਂਦਰ ਦਾ ਕੰਮ ਲਗਭਗ ਨੇਪਰੇ ਚੜ੍ਹਨ ਵਾਲਾ ਹੈ ਅਤੇ ਖੇਡ ਸਟੇਡੀਅਮ ਦੀ ਦਿੱਖ ਵੀ ਸੰਵਾਰੀ ਗਈ ਹੈ | ਉਨ੍ਹਾਂ ਦੱਸਿਆ ਕਿ ਆਉਣ ਵਾਲੇ ਬਜਟ ਵਿਚ ਸਰਕਾਰ ਹੋਰ ਕੰਮਾਂ ਲਈ ਵੀ ਖ਼ਰਚ ਕਰੇਗੀ | ਇਸ ਮੌਕੇ ਸਰਪੰਚ ਰਾਮ ਸਿੰਘ ਦਿਉਲ, ਸਰਪੰਚ ਗੁਰਜਿੰਦਰ ਸਿੰਘ ਪੱਖੋ ਕੈਂਚੀਆਂ, ਡਾ: ਸਹਿਬਾਜ ਭੱਟੀ, ਹਰਲੀਨ ਸਿੰਘ ਚੰਨੀ, ਚਰਨਜੀਤ ਸਿੰਘ ਫ਼ੌਜੀ, ਜਗਸੀਰ ਸਿੰਘ ਬੱਬੂ, ਸੁਖਚੈਨ ਸਿੰਘ ਫ਼ੌਜੀ, ਹਰਦੇਵ ਸਿੰਘ ਲੀਲਾ ਬਾਜਵਾ, ਜੀਤ ਸਿੰਘ ਗਿਆਨੀ, ਮਲਕੀਤ ਸਿੰਘ ਰਾਜਾ ਪੰਚ ਆਦਿ ਵੀ ਹਾਜ਼ਰ ਸਨ |