ਤਪਾ ਮੰਡੀ, 25 ਜਨਵਰੀ (ਪ੍ਰਵੀਨ ਗਰਗ)-ਸ਼ਹਿਰ ਦੀ ਅੰਦਰਲੀ ਅਨਾਜ ਮੰਡੀ ਸਥਿਤ ਦੁਕਾਨਦਾਰ ਰੋਹ ਵਿਚ ਆ ਗਏ ਤੇ ਉਨ੍ਹਾਂ ਅਨਾਜ ਮੰਡੀ ਦਾ ਮੁੱਖ ਗੇਟ ਬੰਦ ਕਰ ਕੇ ਨਗਰ ਕੌਂਸਲ ਅਤੇ ਸਬੰਧਿਤ ਠੇਕੇਦਾਰ ਖ਼ਿਲਾਫ਼ ਆਪਣੀ ਭੜਾਸ ਕੱਢੀ | ਇਸ ਮੌਕੇ ਰਾਜ ਕੁਮਾਰ ਮੌੜ, ਲੱਕੀ ਭੱਟਾ, ਰੁਪੇਸ਼ ਕੁਮਾਰ, ਦੀਪੂ ਭੈਣੀ, ਕਰਮਜੀਤ ਸਿੰਘ, ਪ੍ਰੇਮ ਕੁਮਾਰ ਧੌਲਾ, ਰਿੰਕਾ ਘੁੰਨਸ, ਵਿਜੇ ਕੁਮਾਰ ਸਾਬਕਾ ਐਮ.ਸੀ., ਵਿਜੇ ਕੁਮਾਰ ਆਦਿ ਹੋਰ ਇਕੱਠੇ ਹੋਏ ਦੁਕਾਨਦਾਰਾਂ ਨੇ ਨਗਰ ਕੌਂਸਲ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਭਾਵੇਂ ਲੋਕਾਂ ਦੀ ਸਹੂਲਤ ਲਈ ਨਗਰ ਕੌਂਸਲ ਵਲੋਂ ਅੰਦਰਲੀ ਅਨਾਜ ਮੰਡੀ ਵਿਚ ਸੀਵਰੇਜ ਦੀ ਪਾਈਪ ਪਾਈ ਗਈ ਹੈ ਪ੍ਰੰਤੂ ਸਬੰਧਿਤ ਠੇਕੇਦਾਰ ਵਲੋਂ ਪਾਈਪ ਪਾਉਣ ਤੋਂ ਬਾਅਦ ਕੰਮ ਕੀੜੀ ਦੀ ਚਾਲ ਚਲਾਇਆ ਜਾ ਰਿਹਾ ਹੈ | ਜਿਸ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਆਖਿਆ ਕਿ ਪਿਛਲੇ ਦਿਨਾਂ ਦੌਰਾਨ ਹੋਈ ਬਰਸਾਤ ਕਾਰਨ ਇਸ ਸੜਕ 'ਤੇ ਪਈ ਹੋਈ ਮਿੱਟੀ ਨੇ ਗਾਰੇ ਦਾ ਰੂਪ ਧਾਰਨ ਕਰ ਲਿਆ ਅਤੇ ਵੱਡੇ-ਵੱਡੇ ਖੱਡੇ ਬਣ ਗਏ | ਜਿਸ ਵਿਚ ਕਈ ਵਾਹਨ ਧਸ ਗਏ | ਜਦ ਕਿ ਅਨਾਜ ਮੰਡੀ ਵਿਚ ਹਰ ਸਮੇਂ ਬਾਹਰੋਂ ਅੰਦਰੋਂ ਕਿਸਾਨਾਂ ਅਤੇ ਰਾਹਗੀਰਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ, ਜਿਸ ਦਾ ਖ਼ਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪੈ ਰਿਹਾ ਹੈ ਪ੍ਰੰਤੂ ਠੇਕੇਦਾਰ ਦੇ ਕੰਨਾਂ 'ਤੇ ਜੂੰ ਤੱਕ ਨਹੀਂ ਸਰਕ ਰਹੀ | ਠੇਕੇਦਾਰ ਵਲੋਂ ਬਹੁਤ ਘੱਟ ਲੇਬਰ ਲਗਾ ਕੇ ਇਸ ਨੂੰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਲੋਕਾਂ ਦੀ ਸਹੂਲਤ ਅਤੇ ਹਾਦਸਿਆਂ ਤੋਂ ਬਚਣ ਲਈ ਕੋਈ ਵੀ ਸਾਈਨ ਬੋਰਡ ਨਹੀਂ ਲਗਾਇਆ ਗਿਆ | ਉਨ੍ਹਾਂ ਨੂੰ ਆਪਣੇ ਘਰ ਅਤੇ ਦੁਕਾਨ 'ਤੇ ਆਉਣ ਜਾਣ ਸਮੇਂ ਇਸ ਮਿੱਟੀ ਵਿਚੋਂ ਗੁਜ਼ਰ ਕੇ ਹੋ ਕੇ ਜਾਣਾ ਪੈ ਰਿਹਾ ਹੈ ਅਤੇ ਉਨ੍ਹਾਂ ਦੇ ਸਾਰੇ ਕੱਪੜੇ ਮਿੱਟੀ ਅਤੇ ਚਿੱਕੜ ਨਾਲ ਭਰ ਜਾਂਦੇ ਹਨ | ਜਿਸ 'ਤੇ ਅੱਜ ਠੇਕੇਦਾਰ ਦੇ ਰਵੱਈਏ ਤੋਂ ਅੱਕੇ ਹੋਏ ਸਮੂਹ ਦੁਕਾਨਦਾਰਾਂ ਨੇ ਨਗਰ ਕੌਂਸਲ ਅਤੇ ਅਧਿਕਾਰੀਆਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਅਨਾਜ ਮੰਡੀ ਦੇ ਅੰਦਰਲਾ ਗੇਟ ਨੂੰ ਜਿੰਦਾ ਲਾ ਦਿੱਤਾ | ਪਰ ਆਉਣ ਜਾਣ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖ ਕੇ ਅਤੇ ਕੁੱਝ ਮੋਹਤਵਰ ਬੰਦਿਆਂ ਦੇ ਸਮਝਾਉਣ ਤੋਂ ਬਾਅਦ ਲੋਕਾਂ ਨੇ ਮੰਡੀ ਦਾ ਗੇਟ ਖੋਲ੍ਹ ਦਿੱਤਾ ਅਤੇ ਚਿਤਾਵਨੀ ਦਿੱਤੀ ਕਿ ਜੇ ਮਸਲੇ ਦਾ ਹੱਲ ਨਾ ਹੋਇਆ ਤਾਂ ਉਹ ਤਿੱਖਾ ਸੰਘਰਸ਼ ਕਰਨਗੇ | ਜਦ ਇਸ ਸਬੰਧੀ ਸਬ ਡਵੀਜ਼ਨ ਤਪਾ ਦੇ ਐਸ.ਡੀ.ਐਮ ਆਯੂਸ਼ ਗੋਇਲ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ | ਇਸ ਮੌਕੇ ਤੋਤਾ ਸਿੰਘ, ਸਤੀਸ਼ ਕੁਮਾਰ, ਬਰਫ਼ੀ ਰਾਮ, ਭੂਸ਼ਨ ਮਿੱਤਲ, ਰਿੰਕੂ ਮੌੜ, ਪੱਪੂ ਅਰੋੜਾ, ਸੋਨੰੂ ਮੌੜ, ਮਨੀਸ਼ ਕੁਮਾਰ ਆਦਿ ਦੁਕਾਨਦਾਰ ਹਾਜ਼ਰ ਸਨ |
- ਮਾਮਲਾ ਠੇਕੇਦਾਰ ਵਲੋਂ ਕੰਮ ਧੀਮੀ ਗਤੀ ਨਾਲ ਚਲਾਉਣ ਦਾ-<br> ਦੁਕਾਨਦਾਰਾਂ ਨੇ ਅਨਾਜ ਮੰਡੀ ਦਾ ਮੁੱਖ ਗੇਟ ਬੰਦ ਕਰ ਕੇ ਨਗਰ ਕੌਂਸਲ ਅਤੇ ਠੇਕੇਦਾਰ ਖ਼ਿਲਾਫ਼ ਕੱਢੀ ਭੜਾਸ
ਅਜੀਤ ਡੈਸਕ
26-01-2026