ਬਰਨਾਲਾ, 25 ਜਨਵਰੀ (ਨਰਿੰਦਰ ਅਰੋੜਾ)-ਬਸੰਤ ਪੰਚਮੀ ਤੋਂ ਬਾਅਦ ਵੀ ਚਾਈਨਾ ਡੋਰ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਤੇ ਚਾਈਨਾ ਡੋਰ ਨਾਲ ਅੱਜ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਮੇਜਰ ਸਿੰਘ ਵਾਸੀ ਬਰਨਾਲਾ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਐਸ.ਡੀ. ਕਾਲਜ ਵਾਲੇ ਓਵਰਬਿ੍ਜ 'ਤੇ ਜਾ ਰਿਹਾ ਸੀ ਕਿ ਅਚਾਨਕ ਚਾਈਨਾ ਡੋਰ ਉਸ ਦੇ ਮੂੰਹ 'ਤੇ ਫਿਰ ਗਈ ਅਤੇ ਮੇਜਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਡਿਗ ਗਿਆ | ਰਾਹਗੀਰ ਸੁਰਜੀਤ ਸਿੰਘ, ਸੁਖਵਿੰਦਰ ਸਿੰਘ ਅਤੇ ਆਟੋ ਚਾਲਕ ਗੁਰਜੰਟ ਸਿੰਘ ਦੀ ਸਹਾਇਤਾ ਨਾਲ ਜ਼ਖ਼ਮੀ ਮੇਜਰ ਸਿੰਘ ਨੂੰ ਸਿਵਲ ਹਸਪਤਾਲ ਬਰਨਾਲਾ ਦੇ ਐਮਰਜੈਂਸੀ ਵਿਖੇ ਲਿਜਾਇਆ ਗਿਆ | ਐਮਰਜੈਂਸੀ ਡਿਊਟੀ 'ਤੇ ਤਾਇਨਾਤ ਡਾਕਟਰ ਕਾਕੁਲ ਅਤੇ ਟੀਮ ਵਲੋਂ ਜ਼ਖ਼ਮੀ ਮੇਜਰ ਸਿੰਘ ਨੂੰ ਮੁਢਲੀ ਸਹਾਇਤਾ ਦਿੱਤੀ ਗਈ ਅਤੇ ਉਸ ਦੀ ਗੰਭੀਰ ਹਾਲਤ ਦੇਖਦਿਆਂ ਬਠਿੰਡਾ ਵਿਖੇ ਰੈਫ਼ਰ ਕਰ ਦਿੱਤਾ | ਸੁਰਜੀਤ ਸਿੰਘ, ਸੁਖਵਿੰਦਰ ਸਿੰਘ ਅਤੇ ਗੁਰਜੰਟ ਸਿੰਘ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚਾਈਨਾ ਡੋਰ ਵੀ ਅਸਲੇ ਨਾਲੋਂ ਘੱਟ ਨਹੀਂ ਚਾਈਨਾ ਡੋਰ 'ਤੇ ਵੀ ਸਰਕਾਰ ਵਲੋਂ ਸਖ਼ਤੀ ਕਰਨੀ ਚਾਹੀਦੀ ਹੈ | ਇਸ 'ਤੇ ਵੀ ਕਤਲ ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ | ਚਾਈਨਾ ਡੋਰ ਕਈ ਘਰਾਂ ਦੇ ਚਿਰਾਗ਼ ਬੁਝਾ ਚੁੱਕੀ ਹੈ | ਸਰਕਾਰਾਂ ਅਤੇ ਪ੍ਰਸ਼ਾਸਨ ਲੋਕਾਂ ਨੂੰ ਇਸ ਚਾਈਨਾ ਡੋਰ ਦੇ ਕਹਿਰ ਤੋਂ ਬਚਾਉਣ ਵਿਚ ਅਸਫਲ ਦਿਖਾਈ ਦੇ ਰਿਹਾ ਹੈ |