ਮਹਿਲ ਕਲਾਂ, 25 ਜਨਵਰੀ (ਤਰਸੇਮ ਸਿੰਘ ਗਹਿਲ)-ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਬਰਨਾਲਾ ਵਲੋਂ ਸਾਲਾਨਾ 11ਵੀਂ ਡੀ.ਟੀ.ਐਫ਼. ਵਜ਼ੀਫ਼ਾ ਪ੍ਰੀਖਿਆ ਸ਼ਹੀਦ ਬੀਬੀ ਕਿਰਨਜੀਤ ਕੌਰ ਯਾਦਗਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲ ਕਲਾਂ ਵਿਖੇ ਕਰਵਾਈ ਗਈ | ਇਸ ਮੌਕੇ ਬਲਾਕ ਸਕੱਤਰ ਰਘਵੀਰ ਕਰਮਗੜ੍ਹ ਤੇ ਜ਼ਿਲ੍ਹਾ ਸਕੱਤਰ ਨਿਰਮਲ ਚੁਹਾਣਕੇ ਨੇ ਵਜ਼ੀਫ਼ਾ ਪ੍ਰੀਖਿਆ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਵਜ਼ੀਫ਼ਾ ਪ੍ਰੀਖਿਆ ਵਿਚ ਪੰਜਵੀਂ, ਅੱਠਵੀਂ ਤੇ ਦਸਵੀਂ ਜਮਾਤ ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਕੁੱਲ 361 ਵਿਦਿਆਰਥੀਆਂ ਨੇ ਭਾਗ ਲਿਆ | ਇਹ ਵਜ਼ੀਫ਼ਾ ਪ੍ਰੀਖਿਆ ਗ਼ਦਰੀ ਗੁਲਾਬ ਕੌਰ ਦੀ ਸ਼ਹਾਦਤ ਸ਼ਤਾਬਦੀ ਨੂੰ ਸਮਰਪਿਤ ਸੀ | ਉਨ੍ਹਾਂ ਦੱਸਿਆ ਕਿ ਇਸ ਪ੍ਰੀਖਿਆ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅੰਦਰ ਨਕਲ ਦੀ ਭਾਵਨਾ ਨੂੰ ਖ਼ਤਮ ਕਰਨ, ਪ੍ਰਤਿਭਾ ਦੀ ਸਹੀ ਪਰਖ ਕਰਨ ਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਯੋਗ ਬਣਾਉਣਾ ਹੈ | ਲਖਵੰਤ ਸਿੰਘ ਹਰਦਾਸਪੁਰਾ ਵਲੋਂ ਬਤੌਰ ਕੇਂਦਰ ਸੁਪਰਡੈਂਟ ਇਸ ਵਜ਼ੀਫ਼ਾ ਪ੍ਰੀਖਿਆ ਦਾ ਸੰਚਾਲਨ ਕੀਤਾ ਗਿਆ | ਗੁਰਪ੍ਰੀਤ ਨਿਹਾਲੂਵਾਲ ਅਤੇ ਲਖਵੀਰ ਠੁੱਲੀਵਾਲ ਨੇ ਡਿਪਟੀ ਸੁਪਰਡੈਂਟ ਦੀ ਭੂਮਿਕਾ ਨਿਭਾਈ | ਮੁੱਖ ਅਧਿਆਪਕ ਸ੍ਰੀ ਕੁਲਦੀਪ ਸਿੰਘ ਕਮਲ ਛਾਪਾ ਵਲੋਂ ਬਤੌਰ ਅਬਜ਼ਰਵਰ ਪ੍ਰੀਖਿਆ ਕੇਂਦਰ ਦਾ ਨਿਰੀਖਣ ਕੀਤਾ ਗਿਆ | ਮੈਡਮ ਭਿੰਦਰਜੀਤ ਕੌਰ, ਸੁਖਚੈਨ ਕੁਰੜ, ਭੁਪਿੰਦਰ ਮਾਂਗੇਵਾਲ, ਰਮਨਦੀਪ ਸਿੰਘ ਮਹਿਲ ਕਲਾਂ, ਸੁਖਪਾਲ ਸਿੰਘ ਹਾਂਸ, ਪਲਵਿੰਦਰ ਠੀਕਰੀਵਾਲਾ, ਸੁਰਿੰਦਰ ਕੁਤਬਾ, ਮਨਜੋਤ ਸਿੰਘ ਛਾਪਾ, ਅਵਤਾਰ ਪੰਡੋਰੀ ਸੁਖਪ੍ਰੀਤ ਬੜੀ, ਜਗਰੂਪ ਧਨੇਰ ਅਤੇ ਹਰਪਾਲ ਪਾਲਾ ਨੇ ਨਿਗਰਾਨ ਅਮਲੇ ਦੀ ਡਿਊਟੀ ਨਿਭਾਈ | ਮਾਪਿਆਂ ਨੇ ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਦੇ ਇਸ ਨੇਕ ਕੰਮ ਦੀ ਪ੍ਰਸੰਸਾ ਕੀਤੀ | ਇਸ ਮੌਕੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਬਰਨਾਲਾ ਦੇ ਜ਼ਿਲ੍ਹਾ ਸਕੱਤਰ ਬਲਜਿੰਦਰ ਪ੍ਰਭੂ ਵਲੋਂ ਵਿਦਿਆਰਥੀਆਂ ਦੇ ਮਾਪਿਆਂ ਨਾਲ ਸਮਾਜ ਵਿਚ ਫੈਲ ਰਹੀਆਂ ਕੁਰੀਤੀਆਂ ਤੇ ਨਸ਼ਿਆਂ ਦੇ ਪੈਦਾ ਹੋ ਰਹੇ ਰੁਝਾਨ ਸੰਬੰਧੀ ਗੱਲਬਾਤ ਕੀਤੀ ਗਈ | ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਬੱਚੇ ਕਿਤਾਬਾਂ ਪੜ੍ਹਨ ਜੀ ਬਜਾਏ ਮੋਬਾਈਲ ਫ਼ੋਨ ਨੂੰ ਤਰਜੀਹ ਦਿੰਦੇ ਹਨ ਜਦ ਕਿ ਚੰਗੀਆਂ ਕਿਤਾਬਾਂ ਮਨੁੱਖ ਦੇ ਵਿਕਾਸ ਵਿਚ ਸੁਚਾਰੂ ਯੋਗਦਾਨ ਪਾਉਂਦੀਆਂ ਹਨ | ਬੱਚਿਆਂ ਨੂੰ ਮੋਬਾਈਲ ਦੀ ਵਰਤੋਂ ਲੋੜ ਅਨੁਸਾਰ ਕਰਦੇ ਹੋਏ ਕਿਤਾਬਾਂ ਪੜ੍ਹਨ ਨੂੰ ਪਹਿਲ ਦੇਣੀ ਚਾਹੀਦੀ ਹੈ |