14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਵੱਡੇ ਘੱਲੂਘਾਰੇ ਦੇ ਮਹਾਨ ਸ਼ਹੀਦਾਂ ਦੀ ਯਾਦ 'ਚ ਤਿੰਨ ਰੋਜ਼ਾ ਸ਼ਹੀਦੀ ਸਮਾਗਮ 7 ਤੋਂ

Ad Position 21
No active advertisement
ਅਜੀਤ ਡੈਸਕ 05-02-2026
ਮਹਿਲ ਕਲਾਂ, 4 ਫਰਵਰੀ (ਅਵਤਾਰ ਸਿੰਘ ਅਣਖੀ)-ਇਤਿਹਾਸਕ ਪਿੰਡ ਕੁਤਬਾ ਵਿਖੇ 1762 ਈਸਵੀ ਦੇ ਵੱਡੇ ਘੱਲੂਘਾਰੇ 'ਚ ਅਹਿਮਦ ਸ਼ਾਹ ਅਬਦਾਲੀ ਦੀਆਂ ਫ਼ੌਜਾਂ ਨਾਲ ਲੋਹਾ ਲੈਂਦਿਆਂ ਸ਼ਹਾਦਤ ਦਾ ਜਾਮ ਪੀ ਗਏ 35 ਹਜ਼ਾਰ ਮਹਾਨ ਸ਼ਹੀਦਾਂ ਦੀ ਯਾਦ 'ਚ ਤਿੰਨ ਰੋਜ਼ਾ ਸ਼ਹੀਦੀ ਸਮਾਗਮ 7, 8 ਅਤੇ 9 ਫਰਵਰੀ ਨੂੰ ਵੱਡਾ ਘੱਲੂਘਾਰਾ ਗੁਰਦੁਆਰਾ ਕਮੇਟੀ ਵਲੋਂ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ | ਆਗੂਆਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਵੱਖ-ਵੱਖ ਸਰਕਾਰਾਂ ਵਲੋਂ ਮਹਾਨ ਸੂਰਬੀਰ ਸ਼ਹੀਦ ਸਿੰਘਾਂ ਦੀ ਯਾਦਗਾਰ ਬਣਾਉਣ ਲਈ ਰੱਖੇ ਗਏ ਨੀਂਹ ਪੱਥਰ ਅੱਜ ਵੀ ਆਗੂਆਂ ਦਾ ਮੂੰਹ ਚਿੜ੍ਹਾਅ ਰਹੇ ਹਨ, ਪੰਜ ਦਹਾਕਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਅੱਜ ਤੱਕ ਉਸਾਰੀ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ | ਇਸੇ ਤਰ੍ਹਾਂ 8 ਫਰਵਰੀ 2003 ਨੂੰ ਪਿੰਡ ਕੁੱਪ ਰਹੀੜਾ ਤੋਂ ਕੁਤਬਾ ਰਾਹੀਂ ਗਹਿਲਾਂ ਤੱਕ ਵੱਡੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ 'ਚ 'ਘੱਲੂਘਾਰਾ ਸ਼ਹੀਦੀ ਮਾਰਗ' ਬਣਾਉਣ ਲਈ ਨੀਂਹ ਪੱਥਰ ਰੱਖਿਆ ਗਿਆ | ਬਾਅਦ 'ਚ 8 ਫਰਵਰੀ 2006 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਵ: ਅਵਤਾਰ ਸਿੰਘ ਮੱਕੜ ਵਲੋਂ ਸ਼ਹੀਦੀ ਯਾਦਗਾਰ 'ਅਯੂਬਾ' ਬਣਾਉਣ ਦਾ ਨੀਂਹ ਪੱਥਰ ਰੱਖਿਆ ਗਿਆ ਪਰ 20 ਸਾਲ ਬੀਤ ਜਾਣ ਦੇ ਬਾਵਜੂਦ ਵੀ ਅਮਲ ਨਹੀਂ ਹੋ ਸਕਿਆ | ਇਸ ਤੋਂ ਇਲਾਵਾ ਮੁੱਖ ਮੰਤਰੀ ਹੁੰਦਿਆਂ ਸਵ: ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਦੇ ਲੰਬਾ ਸਮਾਂ ਪ੍ਰਧਾਨ ਰਹੇ ਸਵ: ਗੁਰਚਰਨ ਸਿੰਘ ਟੌਹੜਾ ਅਤੇ ਬੀਬੀ ਜਗੀਰ ਕੌਰ ਸਮੇਤ ਕਈ ਵੱਡੇ ਸਿਆਸੀ ਤੇ ਧਾਰਮਿਕ ਆਗੂਆਂ ਨੇ ਵੀ ਇੱਥੇ ਸ਼ਹੀਦਾਂ ਦੀ ਯਾਦਗਾਰ ਬਣਾਉਣ ਲਈ ਵਾਰ-ਵਾਰ ਵਾਅਦੇ ਕੀਤੇ ਪਰ ਹਕੀਕਤ 'ਚ ਵਾਅਦੇ ਅੱਜ ਤੱਕ ਵੀ ਵਫ਼ਾ ਨਹੀਂ ਹੋਏ | ਸਾਬਕਾ ਚੇਅਰਮੈਨ ਅਜੀਤ ਸਿੰਘ ਕੁਤਬਾ, ਗੁਰਦੁਆਰਾ ਕਮੇਟੀ ਦੇ ਆਗੂਆਂ ਸੁਖਦੇਵ ਸਿੰਘ, ਅਵਤਾਰ ਸਿੰਘ, ਚੰਦ ਸਿੰਘ, ਜਸਵਿੰਦਰ ਸਿੰਘ ਅਤੇ ਦਵਿੰਦਰ ਸਿੰਘ ਨੇ ਦੱਸਿਆ ਕਿ ਵੱਡਾ ਘੱਲੂਘਾਰਾ ਸਾਹਿਬ ਅਤੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਐਨ.ਆਰ.ਆਈ ਅਤੇ ਸਮੂਹ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਆਪਣੇ ਤੌਰ 'ਤੇ ਪਿੰਡ ਕੁਤਬਾ ਦੀ ਇਤਿਹਾਸਕ ਸ਼ਹੀਦੀ ਢਾਬ ਉੱਪਰ ਸ਼ਾਨਦਾਰ ਸ਼ਹੀਦੀ ਯਾਦਗਾਰ ਦੇ ਨਿਰਮਾਣ ਦਾ ਕੰਮ ਆਰੰਭ ਕਰ ਕੇ ਹੁਣ ਤੱਕ ਇਕ ਕਰੋੜ ਦੀ ਲਾਗਤ ਨਾਲ ਕਰੀਬ 70 ਫ਼ੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ | ਜਦ ਕਿ ਬਾਕੀ ਰਹਿੰਦੇ ਕੰਮ ਲਈ ਇਕ ਕਰੋੜ ਦੀ ਰਾਸ਼ੀ ਦੀ ਹੋਰ ਖ਼ਰਚ ਆਉਣ ਦਾ ਅਨੁਮਾਨ ਹੈ | ਪ੍ਰਬੰਧਕਾਂ ਨੇ ਦੱਸਿਆ ਕਿ ਤਿੰਨ ਰੋਜ਼ਾ ਸ਼ਹੀਦੀ ਸਮਾਗਮ ਦੌਰਾਨ ਇਸ ਵਾਰ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਨੂੰ ਬੁਲਾਵਾ ਨਹੀਂ ਭੇਜਿਆ ਗਿਆ, ਇਸ ਵਾਰ ਸਿਰਫ਼ ਧਾਰਮਿਕ ਸਟੇਜ ਹੀ ਹੋਵੇਗੀ | ਆਗੂਆਂ ਨੇ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਸਾਹਿਬ ਤੋਂ ਸਿੱਖ ਕੌਮ ਲਈ ਵੱਡੀਆਂ ਕੁਰਬਾਨੀਆਂ ਦੇਣ ਵਾਲੇ ਮਹਾਨ ਸ਼ਹੀਦਾਂ ਦੀ ਯਾਦ 'ਚ ਇਤਿਹਾਸਕ ਧਰਤੀ ਕੁਤਬਾ ਵਿਖੇ ਕੀਤੇ ਗਏ ਐਲਾਨ ਅਨੁਸਾਰ ਸ਼ਹੀਦੀ ਯਾਦਗਾਰ ਬਣਾਉਣ ਲਈ ਠੋਸ ਉਪਰਾਲੇ ਕੀਤੇ ਜਾਣ ਦੀ ਪੁਰਜ਼ੋਰ ਮੰਗ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਬਰਨਾਲਾ ਜ਼ਿਲ੍ਹੇ ਦੀਆਂ ਮਜ਼ਦੂਰ, ਕਿਸਾਨ ਜਥੇਬੰਦੀਆਂ ਵਲੋਂ ਡਿਪਟੀ ਕਮਿਸ਼ਨਰ ਖ਼ਿਲਾਫ਼ ਨਾਅਰੇਬਾਜ਼ੀ ਅਗਲੀ ਖ਼ਬਰ ਬੇਅੰਤ ਸਿੰਘ ਬਾਠ ਨੂੰ ਦੂਸਰੀ ਵਾਰ ਸ਼ੋ੍ਰਮਣੀ ਅਕਾਲੀ ਦਲ ਸਰਕਲ ਬਰਨਾਲਾ ਦਾ ਪ੍ਰਧਾਨ ਬਣਨ 'ਤੇ ਕੀਤਾ ਸਨਮਾਨਿਤ <br/>
Ad Position 24