ਕਿਹਾ, ਹਾਲਾਤਾਂ ਦੇ ਭੈਅ ਕਾਰਨ ਕਾਰੋਬਾਰੀ ਪੰਜਾਬ ਤੋਂ ਬਾਹਰ ਉਦਯੋਗ ਲਿਜਾਣ ਲਈ ਮਜਬੂਰ
ਧਨੌਲਾ, 22 ਫਰਵਰੀ (ਜਤਿੰਦਰ ਸਿੰਘ ਧਨੌਲਾ)-ਪੰਜਾਬ ਦੀ ਅਫ਼ਸਰਸ਼ਾਹੀ ਬੇਲਗ਼ਾਮ ਹੋ ਕੇ ਰਹਿ ਗਈ ਹੈ | ਇਹ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ ਨੇ ਟਕਸਾਲੀ ਆਗੂ ਸਵ: ਜਥੇ: ਭਰਪੂਰ ਸਿੰਘ ਦੇ ਗ੍ਰਹਿ ਵਿਖੇ ਗੈਰ ਰਸਮੀ ਇਕੱਤਰਤਾ ਦੌਰਾਨ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ | ਉਹ ਜਥੇਦਾਰ ਭਰਪੂਰ ਸਿੰਘ ਦੇ ਸਪੁੱਤਰ ਗੁਰਪ੍ਰਕਾਸ਼ ਸਿੰਘ ਅਤੇ ਸੀਨੀਅਰ ਆਗੂ ਡਾ: ਪ੍ਰਦੀਪ ਸਿੰਘ ਬੱਬੂ ਉੱਪਲੀ ਦੇ ਸੱਦੇ 'ਤੇ ਸ਼ਾਮਿਲ ਹੋਣ ਲਈ ਪੁੱਜੇ ਸਨ | ਉਨ੍ਹਾਂ ਆਖਿਆ ਕਿ ਉਦਯੋਗ ਅਤੇ ਕਾਰੋਬਾਰ ਨੂੰ ਚਲਾਉਣ ਲਈ ਘੱਟੋ ਘੱਟ 15-15 ਮਹਿਕਮਿਆਂ ਨਾਲ ਵਾਸਤਾ ਪੈਂਦਾ ਹੈ | ਜਿਨ੍ਹਾਂ ਵਿਚੋਂ ਜ਼ਿਆਦਾਤਰ ਮਹਿਕਮੇ ਵਪਾਰੀਆਂ ਅਤੇ ਕਾਰੋਬਾਰੀਆਂ ਪਾਸੋਂ ਨਿੱਜੀ ਹਿਤ ਸਾਧ ਕੇ ਚੱਲਦੇ ਬਣਦੇ ਹਨ ਸਿੱਟੇ ਵਜੋਂ ਬਹੁਤੇ ਵਪਾਰੀ ਅਤੇ ਕਾਰੋਬਾਰੀ ਪੰਜਾਬ ਤੋਂ ਬਾਹਰ ਕਾਰੋਬਾਰ ਨੂੰ ਸਥਾਪਿਤ ਕਰਨ ਲਈ ਤਰਜੀਹ ਦੇਣ ਲੱਗੇ ਹਨ | ਸ: ਢੀਂਡਸਾ ਨੇ ਆਖਿਆ ਕਿ ਬੇਰੁਜ਼ਗਾਰੀ ਨੌਜਵਾਨਾਂ ਨੂੰ ਨਸ਼ਿਆਂ ਦਾ ਗ਼ੁਲਾਮ ਬਣਾਉਂਦੀ ਹੈ ਅਤੇ ਨਸ਼ਿਆਂ ਦੀ ਲੱਤ ਨੌਜਵਾਨਾਂ ਨੂੰ ਜੁਰਮ ਕਰਨ ਲਈ ਮਜਬੂਰ ਕਰ ਦਿੰਦੀ ਹੈ | ਉਨ੍ਹਾਂ ਕਿਹਾ ਕਿ ਜੇ ਸਰਕਾਰ ਸੁਹਿਰਦ ਹੋ ਕੇ ਬੇਰੁਜ਼ਗਾਰੀ ਨੂੰ ਸੰਜੀਦਗੀ ਨਾਲ ਨਜਿੱਠ ਲਵੇ ਤਾਂ ਯਕੀਨਨ ਨਸ਼ੇ ਅਤੇ ਜੁਰਮ ਪੰਜਾਬ ਦੀ ਧਰਤੀ 'ਤੋਂ ਹਮੇਸ਼ਾ ਲਈ ਅਲੋਪ ਹੋ ਜਾਣਗੇ | ਉਨ੍ਹਾਂ ਕਿਹਾ ਕਿ ਚੌਕਸੀ ਵਿਭਾਗ ਦੇ ਕੰਮ ਦਾ ਗਰਾਫ ਇਹ ਸਿੱਧ ਕਰਦਾ ਹੈ ਕਿ ਵਿਭਾਗ ਵੀ ਨਿਜ ਸਾਧਣ ਤੱਕ ਸੀਮਤ ਹੋ ਕੇ ਰਹਿ ਗਿਆ ਹੈ | ਮਿਲਾਵਟੀ ਖਾਧ ਪਦਾਰਥਾਂ ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਸ: ਪਰਮਿੰਦਰ ਸਿੰਘ ਢੀਂਡਸਾ ਨੇ ਆਖਿਆ ਕਿ ਅਨੇਕਾਂ ਜ਼ਹਿਰੀਲੇ ਰੰਗ, ਅਮੋਨੀਆ ਅਤੇ ਅਜੀਨੋ ਮੋਟੋ ਬੜੇ ਧੜੱਲੇ ਨਾਲ ਖਾਧ ਪਦਾਰਥਾਂ ਨੂੰ ਸਵਾਦਲੇ ਬਣਾਉਣ ਲਈ ਵੱਡੀ ਮਾਤਰਾ ਵਿਚ ਵਰਤਿਆ ਜਾ ਰਿਹਾ ਹੈ | ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਆਖਿਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਮੁੜ ਜਰਵਾਣੇ ਬਣਾਉਣ ਲਈ ਅਤੇ ਭਿਆਨਕ ਬਿਮਾਰੀਆਂ ਦੇ ਖਲਾਅ ਵੱਲ ਵੱਧ ਰਹੇ ਪਰਿਵਾਰਾਂ ਨੂੰ ਬਚਾਉਣ ਲਈ ਲੋਕ ਖ਼ੁਦ ਸੁਹਿਰਦ ਹੋਣ | ਇਸ ਗੱਲ ਦੇ ਹੱਕ ਵਿਚ ਲਹਿਰ ਉਸਾਰੀ ਜਾਏ ਕਿ ਮਿਆਰੀ ਅਤੇ ਸਾਦੇ ਖਾਧ ਪਦਾਰਥ ਹਰ ਦੁੱਖ ਅਤੇ ਸੁੱਖ ਵਿਚ ਪਰੋਸੇ ਜਾਣ | ਇਸ ਮੌਕੇ ਉਚੇਚੇ ਤੌਰ 'ਤੇ ਸ਼ਾਮਿਲ ਹੋਏ ਸੀਨੀਅਰ ਆਗੂ ਡਾ: ਪ੍ਰਦੀਪ ਸਿੰਘ ਬੱਬੂ ਉੱਪਲੀ ਨੇ ਆਖਿਆ ਕਿਉਂ ਹਮੇਸ਼ਾ ਸ: ਪਰਮਿੰਦਰ ਸਿੰਘ ਢੀਂਡਸਾ ਦੇ ਹੁਕਮਾਂ 'ਤੇ ਫੁੱਲ ਚੜ੍ਹਦੇ ਰਹਿਣਗੇ | ਇਸ ਮੌਕੇ ਬਲਦੇਵ ਸਿੰਘ, ਰਸਵੀਰ ਸਿੰਘ ਉੱਪਲੀ, ਹਰਪ੍ਰੀਤ ਸਿੰਘ ਢੀਂਡਸਾ, ਵੀਰਿੰਦਰ ਸਿੰਘ ਟੀਟੂ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਗੂ ਸ਼ਾਮਿਲ ਸਨ |
ਪੰਜਾਬ ਅੰਦਰ ਬੇਰੁਜ਼ਗਾਰੀ, ਨਸ਼ਿਆਂ ਅਤੇ ਜੁਰਮ ਨੇ ਪੈਰ ਪਸਾਰੇ-ਪਰਮਿੰਦਰ ਸਿੰਘ ਢੀਂਡਸਾ
ਅਜੀਤ ਡੈਸਕ
23-02-2026