ਭਦੌੜ, 25 ਫਰਵਰੀ (ਵਿਨੋਦ ਕਲਸੀ, ਰਜਿੰਦਰ ਬੱਤਾ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ 305/24 ਅਤੇ 306/24 ਨੋਟੀਫ਼ਿਕੇਸ਼ਨ ਅਧੀਨ, ਜੋ ਅਸਾਮੀਆਂ ਲਈ ਨੌਜਵਾਨਾਂ ਦੀ ਚੋਣ ਕੀਤੀ ਗਈ ਸੀ, ਨੂੰ 2 ਸਾਲਾਂ ਬਾਅਦ ਵੀ ਨਿਯੁਕਤੀ ਪੱਤਰ ਨਾ ਦੇਣ ਕਾਰਨ ਸਰਕਾਰ ਪ੍ਰਤੀ ਉਮੀਦਵਾਰਾਂ ਅੰਦਰ ਰੋਸ ਪਾਇਆ ਜਾ ਰਿਹਾ ਹੈ | ਇਸ ਸਬੰਧੀ ਪ੍ਰਧਾਨ ਅਮਰਜੋਤ ਸਿੰਘ ਨੇ ਦੱਸਿਆ ਕਿ ਇਹ ਅਸਾਮੀਆਂ ਫਰਵਰੀ 2024 ਵਿਚ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ ਜਿਸ ਸਬੰਧੀ ਸਾਰੀ ਭਰਤੀ ਪ੍ਰਕਿਰਿਆ ਲਿਖਤੀ ਪ੍ਰੀਖਿਆ, ਨਤੀਜਾ ਅਤੇ ਕਾਗ਼ਜ਼ੀ ਜਾਂਚ ਪੜਤਾਲ ਕਾਫੀ ਸਮਾਂ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ, ਪਰ ਇਸ ਦੇ ਬਾਵਜੂਦ ਚੁਣੇ ਗਏ ਉਮੀਦਵਾਰ ਅੱਜ ਤੱਕ ਨਿਯੁਕਤੀ ਪੱਤਰਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ | ਪ੍ਰਧਾਨ ਅਮਰਜੋਤ ਸਿੰਘ ਨੇ ਦੱਸਿਆ ਕਿ ਪਿਛਲੇ ਲਗਭਗ ਦੋ ਸਾਲਾਂ ਤੋਂ ਇਹ ਭਰਤੀ ਪ੍ਰਕਿਰਿਆ ਨੂੰ ਸਰਕਾਰੀ ਅਤੇ ਵਿਭਾਗੀ ਪੱਧਰ 'ਤੇ ਬਿਨਾਂ ਕਿਸੇ ਸਪਸ਼ਟ ਕਾਰਨ ਦੇ ਲਟਕਾਇਆ ਜਾ ਰਿਹਾ ਹੈ | ਸਾਰੇ ਮਾਪਦੰਡ ਪੂਰੇ ਕਰਨ ਦੇ ਬਾਵਜੂਦ ਵੀ ਨੌਜਵਾਨ ਬੇਰੁਜ਼ਗਾਰੀ ਦਾ ਸੰਤਾਪ ਸਹਿਣ ਲਈ ਮਜਬੂਰ ਹਨ | ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸਬੰਧੀ ਨਾ ਤਾਂ ਸਰਕਾਰ ਵਲੋਂ ਅਤੇ ਨਾ ਹੀ ਬਿਜਲੀ ਵਿਭਾਗ ਵਲੋਂ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ | ਪ੍ਰਧਾਨ ਅਮਰਜੋਤ ਸਿੰਘ ਨੇ ਦੱਸਿਆ ਕਿ ਵਿਭਾਗ ਵਲੋਂ ਨਿਯੁਕਤੀ ਪੱਤਰ ਵੰਡ ਸਮਾਗਮ ਦੀ ਤਾਰੀਖ 17 ਫਰਵਰੀ 2026 ਨਿਰਧਾਰਿਤ ਕੀਤੀ ਗਈ ਸੀ, ਪਰ ਬਾਅਦ ਵਿਚ ਮੁੱਖ ਮੰਤਰੀ ਸਾਹਿਬ ਦੇ ਰੁਝੇਵਿਆਂ ਦਾ ਹਵਾਲਾ ਦੇ ਕੇ ਇਸ ਸਮਾਗਮ ਨੂੰ ਮੁਲਤਵੀ ਕਰ ਦਿੱਤਾ ਗਿਆ | ਇਸ ਫ਼ੈਸਲੇ ਨਾਲ ਸੈਂਕੜੇ ਚੁਣੇ ਹੋਏ ਉਮੀਦਵਾਰਾਂ ਵਿਚ ਭਾਰੀ ਨਿਰਾਸ਼ਾ ਫੈਲ ਗਈ ਹੈ | ਨੌਜਵਾਨਾਂ ਦਾ ਕਹਿਣਾ ਹੈ ਕਿ ਸਰਕਾਰ ਕੋਲ ਸਿਆਸੀ ਰੈਲੀਆਂ ਅਤੇ ਹੋਰ ਰਾਜਨੀਤਕ ਸਮਾਗਮਾਂ ਲਈ ਤਾਂ ਸਮਾਂ ਹੈ, ਪਰ ਚੁਣੇ ਹੋਏ ਉਮੀਦਵਾਰਾਂ ਨੂੰ ਸਮੇਂ ਸਿਰ ਨਿਯੁਕਤੀ ਪੱਤਰ ਨਾ ਦੇਣ ਕਾਰਨ ਨੌਜਵਾਨਾਂ ਨਾਲ ਸਰਕਾਰ ਵਲੋਂ ਸਰਾਸਰ ਧੱਕਾ ਕੀਤਾ ਜਾ ਰਿਹਾ ਹੈ | ਪ੍ਰਧਾਨ ਅਮਰਜੋਤ ਸਿੰਘ ਕਿਹਾ ਕਿ ਚੁਣੇ ਹੋਏ ਉਮੀਦਵਾਰਾਂ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਵਲੋਂ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਗਈ ਹੈ ਕਿ ਹੋਰ ਸਾਰੀਆਂ ਤਰਜੀਹਾਂ ਨੂੰ ਪਾਸੇ ਰੱਖ ਕੇ ਨੌਜਵਾਨਾਂ ਦੇ ਭਵਿੱਖ ਵੱਲ ਧਿਆਨ ਦਿੱਤਾ ਜਾਵੇ ਅਤੇ 305/24 ਅਤੇ 306/24 ਅਧੀਨ ਤੁਰੰਤ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ | ਇਸ ਮੌਕੇ ਅਮਰਜੋਤ ਸਿੰਘ (ਪ੍ਰਧਾਨ), ਜਗਜੀਤ ਸਿੰਘ (ਮੀਤ ਪ੍ਰਧਾਨ), ਗੁਰਨਾਮ ਸਿੰਘ (ਸਕੱਤਰ) ਅਤੇ ਅਜੇ ਬਤਰਾ (ਕੈਸ਼ੀਅਰ) ਆਦਿ ਮੌਜੂਦ ਸਨ |