ਧਨੌਲਾ, 26 ਫਰਵਰੀ (ਜਤਿੰਦਰ ਸਿੰਘ ਧਨੌਲਾ)-ਆਮ ਆਦਮੀ ਪਾਰਟੀ ਸਰਕਾਰ ਨੇ ਜ਼ਿਲ੍ਹਾ ਬਰਨਾਲਾ ਦੀਆਂ ਸੜਕਾਂ ਨੂੰ ਨਵੀਂ ਦਿੱਖ ਪ੍ਰਦਾਨ ਕਰਨ ਲਈ 248 ਕਰੋੜ ਰੁਪਏ ਖ਼ਰਚ ਕੀਤੇ ਹਨ ਜਦਕਿ ਪਹਿਲੀਆਂ ਸਰਕਾਰਾਂ ਨੇ ਇਸ ਦਾ 10ਵਾਂ ਹਿੱਸਾ ਵੀ ਕੰਮ ਨਹੀਂ ਕੀਤਾ | ਇਹ ਪ੍ਰਗਟਾਵਾ ਸੰਸਦੀ ਹਲਕਾ ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਧਨੌਲਾ ਤੋਂ ਬੁੱਗਰਾਂ, ਸੰਗਰੂਰ ਬਰਨਾਲਾ ਮੁੱਖ ਮਾਰਗ ਤੋਂ ਕੋਠੇ ਗੋਬਿੰਦਪੁਰਾ, ਕੱਟੂ ਤੋਂ ਸੇਖਾ, ਉਪਲੀ ਤੋਂ ਸੇਖਾ ਦੀਆਂ ਚਾਰ ਸੜਕਾਂ ਦਾ ਰਸਮੀ ਆਰੰਭ ਕਰਨ ਸਮੇਂ ਵੱਖ-ਵੱਖ ਇਕੱਤਰਤਾਵਾਂ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਦੱਸਿਆ ਕਿ ਧਨੌਲਾ ਤੋਂ ਬੁਗਰਾਂ ਸੜਕ ਨੂੰ 10 ਤੋਂ 18 ਫੁੱਟ ਚੌੜਾ ਕਰਨ ਲਈ 7 ਕਰੋੜ 46 ਲੱਖ ਰੁਪਏ, ਸੰਗਰੂਰ ਬਰਨਾਲਾ ਮੁੱਖ ਮਾਰਗ ਤੋਂ ਕੋਠੇ ਗੋਬਿੰਦਪੁਰਾ ਤੱਕ ਚਾਰ ਕਿੱਲੋਮੀਟਰ ਸੜਕ ਨੂੰ 12 ਤੋਂ 18 ਫੁੱਟ ਚੌੜਾ ਕਰਨ ਲਈ ਦੋ ਕਰੋੜ 85 ਲੱਖ ਰੁਪਏ, ਕੱਟੂ ਤੂੰ ਸੇਖਾ ਲਿੰਕ ਰੋਡ ਨੂੰ 10 ਫੁੱਟ ਤੋਂ 18 ਫੁੱਟ ਚੌੜਾ ਕਰਨ ਲਈ ਤਿੰਨ ਕਰੋੜ 35 ਲੱਖ ਰੁਪਏ, ਉਪਲੀ ਤੋਂ ਸੇਖਾ ਤਕਰੀਬਨ 6 ਕਿੱਲੋਮੀਟਰ ਸੜਕ ਨੂੰ ਚੌੜਾ ਕਰਨ ਲਈ 5 ਕਰੋੜ 14 ਲੱਖ ਰੁਪਏ ਖ਼ਰਚ ਕੀਤੇ ਜਾਣਗੇ | ਉਨ੍ਹਾਂ ਦੱਸਿਆ ਕਿ ਇਹ ਸੜਕਾਂ ਇਕ ਸਾਲ ਦੇ ਅੰਦਰ ਅੰਦਰ ਤਿਆਰ ਹੋ ਜਾਣਗੀਆਂ ਅਤੇ 5 ਸਾਲ ਤੱਕ ਇਨ੍ਹਾਂ ਦੀ ਮੁਰੰਮਤ ਦਾ ਜਿੰਮਾ ਸਬੰਧਿਤ ਠੇਕੇਦਾਰਾਂ ਦਾ ਹੋਵੇਗਾ | ਮੀਤ ਹੇਅਰ ਨੇ ਕਿਹਾ ਕਿ ਹੁਣ ਤੱਕ ਅਕਾਲੀ ਦਲ ਅਤੇ ਕਾਂਗਰਸ ਖ਼ਜ਼ਾਨੇ ਖ਼ਾਲੀ ਹਨ ਦਾ ਭੰਡੀ ਪ੍ਰਚਾਰ ਕਰਦੇ ਰਹੇ ਜਦਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਇਕੱਲੇ ਐਕਸਾਈਜ਼ ਵਿਭਾਗ ਵਿਚੋਂ 4500 ਕਰੋੜ ਦੀ ਬਜਾਏ 12 ਹਜ਼ਾਰ ਕਰੋੜ ਰੁਪਏ ਆਮਦਨ ਵਸੂਲ ਕੀਤੀ ਗਈ | ਜਿਸ ਨਾਲ ਹਰ ਘਰ ਦੇ ਬਿੱਲ ਮੁਆਫ਼ ਕੀਤੇ ਗਏ ਹਨ | ਡੀਪੂ ਤੇ ਰਾਸ਼ਨ ਦੇਣ ਦਾ ਵੀ ਪ੍ਰਬੰਧ ਕਰ ਦਿੱਤਾ ਗਿਆ ਹੈ | ਹਰ ਪਰਿਵਾਰ ਲਈ 10 ਲੱਖ ਰੁਪਏ ਤੱਕ ਦਾ ਇਲਾਜ ਮੁਹੱਈਆ ਕਰਵਾ ਦਿੱਤਾ ਗਿਆ ਹੈ | ਹੋਰ ਤਾਂ ਹੋਰ ਵਿਕਾਸ ਕਾਰਜਾਂ ਦੀ ਗਿਣਤੀ ਕਰਦੇ ਕਰਦੇ ਸਮਾਂ ਘੱਟ ਜਾਂਦਾ ਹੈ | ਉਨ੍ਹਾਂ ਕਿਹਾ ਕਿ ਧਨੌਲਾ ਦਾ ਪਸ਼ੂ ਹਸਪਤਾਲ 90 ਸਾਲ ਪਹਿਲਾਂ ਦਾ ਬਣਿਆ ਹੋਇਆ ਹੈ ਅਤੇ ਧਨੌਲਾ ਨੂੰ ਏਸ਼ੀਆ ਦੀ ਸਭ ਤੋਂ ਵੱਡੀ ਪਸ਼ੂ ਮੰਡੀ ਦਾ ਦਰਜਾ ਹਾਸਲ ਹੈ | ਪ੍ਰੰਤੂ ਹੁਣ ਭਗਵੰਤ ਮਾਨ ਦੀ ਸਰਕਾਰ ਸਮੇਂ 69 ਲੱਖ ਰੁਪਏ ਡੰਗਰਾਂ ਦੇ ਹਸਪਤਾਲ ਦੀ ਉਸਾਰੀ ਲਈ ਛੇਤੀ ਹੀ ਖ਼ਰਚ ਕਰ ਕੇ ਨਮੂਨੇ ਦਾ ਹਸਪਤਾਲ ਬਣਾਇਆ ਜਾਵੇਗਾ | ਧਨੌਲਾ-ਬੁਗਰਾਂ ਸੜਕ ਦਾ ਰਸਮੀ ਆਰੰਭ ਕਰਨ ਸਮੇਂ ਭਾਈ ਗੁਰਨਾਮ ਸਿੰਘ ਵਾਹਿਗੁਰੂ, ਭਾਈ ਸਤਨਾਮ ਸਿੰਘ ਅਤੇ ਸਰਪੰਚ ਜਸਵੰਤ ਸਿੰਘ ਕਾਹਲੋ ਅਤੇ ਅਵਤਾਰ ਸਿੰਘ ਕਾਹਲੋਂ ਵਲੋਂ ਗੁਰਮੀਤ ਸਿੰਘ ਮੀਤ ਹੇਅਰ, ਹਰਿੰਦਰ ਸਿੰਘ ਧਾਲੀਵਾਲ ਅਤੇ ਉਨ੍ਹਾਂ ਦੀ ਟੀਮ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ | ਸੰਗਰੂਰ ਬਰਨਾਲਾ ਮੁੱਖ ਮਾਰਗ ਤੋਂ ਕੋਠੇ ਗੋਬਿੰਦਪੁਰਾ ਸੜਕ ਦਾ ਰਸਮੀ ਆਰੰਭ ਕਰਨ ਸਮੇਂ ਨੌਜਵਾਨ ਆਗੂ ਗੁਰਜੰਟ ਸਿੰਘ ਢੀਂਡਸਾ, ਸਰਪੰਚ ਭਰਪੂਰ ਸਿੰਘ, ਬਲਵਿੰਦਰ ਸਿੰਘ ਪੰਚ, ਪਰਮਜੀਤ ਸਿੰਘ ਪੰਚ, ਮੇਜਰ ਸਿੰਘ ਪੰਚ, ਵੀਰ ਪਾਲ ਕੌਰ ਪੰਚ, ਦਰਸ਼ਨ ਕੌਰ ਅਤੇ ਪ੍ਰਗਟ ਸਿੰਘ ਵਲੋਂ ਗੁਰਮੀਤ ਸਿੰਘ ਮੀਤ ਹੇਅਰ ਅਤੇ ਉਨ੍ਹਾਂ ਦੀ ਟੀਮ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ |