ਅਹਿਮਦਗੜ੍ਹ, 26 ਫਰਵਰੀ (ਮਹੌਲੀ, ਖੇੜਾ) - ਸਬ ਡਿਵੀਜ਼ਨ ਬਣੇ ਅਹਿਮਦਗੜ੍ਹ ਦੇ ਕਮਿਊਨਿਟੀ ਹੈਲਥ ਸੈਂਟਰ ਨੂੰ ਅਪਗਰੇਡ ਕਰ ਕੇ ਸਬ ਡਿਵੀਜ਼ਨ ਪੱਧਰ ਦਾ ਹਸਪਤਾਲ ਬਣਾਉਣ ਦੀ ਮੰਗ ਲਗਭਗ ਹੁਣ ਪੂਰੀ ਹੁੰਦੀ ਨਜ਼ਰ ਆ ਰਹੀ ਹੈ ਅਤੇ ਬਹੁਤ ਜਲਦ ਹੀ ਅਹਿਮਦਗੜ੍ਹ ਵਿਚ 50 ਬੈੱਡਾਂ ਵਾਲਾ ਸਬ ਡਵੀਜ਼ਨ ਪੱਧਰ ਦਾ ਸਰਕਾਰੀ ਹਸਪਤਾਲ ਬਣਨ ਲਈ ਰਾਹ ਪੱਧਰਾ ਹੋ ਚੁੱਕਿਆ ਹੈ | ਨਗਰ ਕੌਂਸਲ ਪ੍ਰਧਾਨ ਵਿਕਾਸ ਕਿ੍ਸ਼ਨ ਵਿੱਕੀ ਸ਼ਰਮਾ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਸਬ ਡਵੀਜ਼ਨ ਅਹਿਮਦਗੜ੍ਹ ਦੇ ਕਮਿਊਨਿਟੀ ਹੈਲਥ ਸੈਂਟਰ ਨੂੰ 50 ਬਿਸਤਰਿਆਂ ਵਾਲਾ ਸਬ-ਡਵੀਜ਼ਨ ਹਸਪਤਾਲ ਵਿਚ ਅਪਗ੍ਰੇਡ ਕਰਨ ਦਾ ਪ੍ਰਸਤਾਵ ਸਰਕਾਰ ਵਲੋਂ ਮਨਜ਼ੂਰ ਕੀਤਾ ਗਿਆ ਹੈ | ਹਸਪਤਾਲ ਦੇ ਵਿਸਥਾਰ ਲਈ ਅਤੇ ਸਬ ਸੈਂਟਰ ਅਹਿਮਦਗੜ੍ਹ ਦੀ ਉਸਾਰੀ ਲਈ ਹਸਪਤਾਲ ਨਾਲ ਲੱਗਦੀ ਢੁਕਵੀਂ ਥਾਂ ਦੀ ਸ਼ਨਾਖ਼ਤ ਕਰ ਕੇ ਰਿਪੋਰਟ ਜਲਦ ਤੋਂ ਜਲਦ ਦਫ਼ਤਰ ਨੂੰ ਭੇਜਣ ਲਈ ਹੁਕਮ ਜਾਰੀ ਹੋਏ ਹਨ ਤਾਂ ਕਿ ਕੰਮ ਨੂੰ ਤੇਜ਼ੀ ਨਾਲ ਨੇਪਰੇ ਚਾੜਿ੍ਹਆ ਜਾ ਸਕੇ | ਸੀ.ਐਚ.ਸੀ ਅਹਿਮਦਗੜ੍ਹ ਨੂੰ ਸਬ ਡਵੀਜ਼ਨ ਹਸਪਤਾਲ (ਐਸ.ਡੀ.ਐਚ.) ਵਿਚ ਅਪਗ੍ਰੇਡ ਕਰਨ ਲਈ ਨਗਰ ਕੌਂਸਲ ਪ੍ਰਧਾਨ ਵਿਕਾਸ ਕਿ੍ਸ਼ਨ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਲਕਾ ਵਿਧਾਇਕ ਪ੍ਰੋ ਜਸਵੰਤ ਸਿੰਘ ਗੱਜਣਮਾਜਰਾ ਦਾ ਧੰਨਵਾਦ ਕਰਦੇ ਹੋਏ ਸ਼ਹਿਰ ਦੀ ਵੱਡੀ ਮੰਗ ਪੂਰੀ ਹੋਣ ਦਾ ਦਾਅਵਾ ਕੀਤਾ ਗਿਆ |