ਧਨੌਲਾ, 26 ਫਰਵਰੀ (ਜਤਿੰਦਰ ਸਿੰਘ ਧਨੌਲਾ)-ਗਰੀਨ ਫ਼ੀਲਡ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦਾਨਗੜ੍ਹ ਵਿਖੇ ਪਾਇਕਾ ਬਾਰੇ ਵਾਈਸ ਪਿ੍ੰਸੀਪਲ ਜਸਵੀਰ ਕੌਰ ਵਲੋਂ ਚਾਨਣਾ ਪਾਇਆ ਗਿਆ ਕਿ ਪਾਇਕਾ ਕੀ ਹੈ? ਪਾਇਕਾ ਇਕ ਐਸੀ ਅਵਸਥਾ ਹੈ ਜਿਸ ਵਿਚ ਵਿਅਕਤੀ ਉਹ ਚੀਜ਼ਾਂ ਖਾਂਦਾ ਹੈ ਜੋ ਖਾਣ ਲਈ ਨਹੀਂ ਹੁੰਦੀਆਂ, ਜਿਵੇਂ ਕਿ ਮਿੱਟੀ, ਚਾਕ, ਰਾਖ, ਕਾਗ਼ਜ਼, ਸਾਬਣ ਜਾਂ ਚੂਨਾ | ਇਹ ਆਦਤ ਆਮ ਤੌਰ ਤੇ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਵਿਚ ਵੱਧ ਦੇਖੀ ਜਾਂਦੀ ਹੈ | ਇਸ ਤੋਂ ਇਲਾਵਾ ਪਾਇਕਾ ਦੇ ਲੱਛਣਾਂ ਬਾਰੇ ਵੀ ਦੱਸਿਆ ਗਿਆ | ਜਿਵੇਂ ਕਿ ਮਿੱਟੀ, ਚਾਕ ਜਾਂ ਚੂਨਾ ਖਾਣ ਦੀ ਆਦਤ, ਪੇਟ ਦਰਦ ਜਾਂ ਕਬਜ਼, ਖ਼ੂਨ ਦੀ ਕਮੀ (ਐਨੀਮੀਆ), ਦੰਦਾਂ ਦੀ ਸਮੱਸਿਆ ਆਦਿ | ਉਨ੍ਹਾਂ ਦੱਸਿਆ ਕਿ ਪਾਇਕਾ ਦੇ ਕਈ ਕਾਰਨ ਹੋ ਸਕਦੇ ਹਨ | ਜਿਸ ਤਹਿਤ ਕੁਪੋਸ਼ਣ ਦੀ ਕਮੀ ਖ਼ਾਸ ਕਰ ਕੇ ਲੋਹਾ ਜਾਂ ਜ਼ਿੰਕ ਦੀ ਕਮੀ, ਮਾਨਸਿਕ ਤਣਾਅ ਜਾਂ ਡਿਵੈਲਪਮੈਂਟ | ਇਸ ਮੌਕੇ ਚੇਅਰਮੈਨ ਸ: ਸੁਖਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਜੇਕਰ ਪਾਇਕਾ ਆਦਤ ਇਕ ਮਹੀਨੇ ਤੋਂ ਵੱਧ ਚੱਲੇ ਜਾਂ ਬੱਚੇ ਨੂੰ ਪੇਟ ਦਰਦ, ਉਲਟੀ ਜਾਂ ਬਹੁਤ ਕਮਜ਼ੋਰੀ ਮਹਿਸੂਸ ਹੋਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ ਅਤੇ ਉਨ੍ਹਾਂ ਕਿਹਾ ਕਿ ਪਾਇਕਾ ਇਕ ਬਿਮਾਰੀ ਹੈ, ਸਿਰਫ਼ ਆਦਤ ਨਹੀਂ | ਸਮੇਂ 'ਤੇ ਧਿਆਨ ਅਤੇ ਸਹੀ ਇਲਾਜ ਨਾਲ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ | ਇਸ ਮੌਕੇ ਪਿ੍ੰਸੀਪਲ ਡਾ: ਮਨਪ੍ਰੀਤ ਕੌਰ, ਕੋਆਰਡੀਨੇਟਰ ਸੰਦੀਪ ਕੌਰ ਅਤੇ ਮੈਡਮ ਅਰਸ਼ਦੀਪ ਆਦਿ ਹਾਜ਼ਰ ਸਨ |