ਤਪਾ ਮੰਡੀ, 26 ਫਰਵਰੀ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਸ਼ਿਵਾਲਿਕ ਪਬਲਿਕ ਸਕੂਲ ਤਪਾ ਵਿਖੇ ਪਿ੍ੰਸੀਪਲ ਮੋਨਿਕਾ ਗਰਗ ਦੀ ਅਗਵਾਈ ਵਿਚ ਯੂ. ਕੇ. ਜੀ ਕਲਾਸ ਦੇ ਨੰਨ੍ਹੇ-ਮੁੰਨ੍ਹੇ ਬੱਚਿਆਂ ਲਈ 'ਲਿਟਲ ਸ਼ੈਫ਼' ਮੁਕਾਬਲੇ ਦਾ ਆਯੋਜਨ ਕੀਤਾ ਗਿਆ | ਇਸ ਰੰਗ-ਬਿਰੰਗੇ ਅਤੇ ਰੌਚਕ ਪ੍ਰੋਗਰਾਮ 'ਚ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੇ ਹੱਥਾਂ ਨਾਲ ਵੱਖ-ਵੱਖ ਸਵਾਦਿਸ਼ਟ ਤੇ ਸਿਹਤਮੰਦ ਵਿਅੰਜਨ ਤਿਆਰ ਕੀਤੇ | ਮੁਕਾਬਲੇ ਦੌਰਾਨ ਬੱਚਿਆਂ ਨੇ ਫਰੂਟ ਸਲਾਦ, ਕੌਰਨ ਚਾਟ, ਫਰੂਟ ਚਾਟ, ਸਪ੍ਰਾਊਟ ਚਾਟ, ਡੋਨਟ ਅਤੇ ਨਮਕੀਨ ਚਾਟ ਵਰਗੀਆਂ ਚੀਜ਼ਾਂ ਬਣਾਈਆਂ | ਬੱਚਿਆਂ ਨੇ ਨਾ ਸਿਰਫ਼ ਸਵਾਦ ਦਾ ਧਿਆਨ ਰੱਖਿਆ, ਸਗੋਂ ਪੇਸ਼ਕਾਰੀ ਵੀ ਬਹੁਤ ਸੁੰਦਰ ਢੰਗ ਨਾਲ ਕੀਤੀ | ਰੰਗ-ਬਿਰੰਗੇ ਫਲਾਂ ਅਤੇ ਸਬਜ਼ੀਆਂ ਨਾਲ ਸਜਾਈਆਂ ਡਿਸ਼ਾਂ ਸਭ ਦਾ ਧਿਆਨ ਖਿੱਚ ਰਹੀਆਂ ਸਨ | ਅਧਿਆਪਕਾਂ ਨੇ ਬੱਚਿਆਂ ਦੀ ਮਿਹਨਤ ਅਤੇ ਰਚਨਾਤਮਿਕਤਾ ਦੀ ਖ਼ੂਬ ਸਰਾਹਨਾ ਕੀਤੀ | ਇਸ ਤਰ੍ਹਾਂ ਦੇ ਪ੍ਰੋਗਰਾਮ ਬੱਚਿਆਂ ਵਿਚ ਆਤਮ ਵਿਸ਼ਵਾਸ ਵਧਾਉਂਦੇ ਹਨ ਅਤੇ ਉਨ੍ਹਾਂ ਨੂੰ ਸਿਹਤਮੰਦ ਖਾਣ-ਪੀਣ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਹਨ | ਅੰਤ ਵਿਚ, ਸਕੂਲ ਪਿ੍ੰਸੀਪਲ ਦੁਆਰਾ ਜੇਤੂ ਬੱਚਿਆਂ ਨੂੰ ਇਨਾਮ ਦੇ ਤੌਰ 'ਤੇ ਜੁਮੈਟਰੀ ਬਾਕਸ ਅਤੇ ਸਟੇਸ਼ਨਰੀ ਦਿੱਤੀ ਗਈ ਅਤੇ ਸਾਰੇ ਭਾਗੀਦਾਰਾਂ ਨੂੰ ਪ੍ਰਮਾਣ ਪੱਤਰ ਦੇ ਕੇ ਉਤਸ਼ਾਹਿਤ ਕੀਤਾ ਗਿਆ | ਇਹ ਪ੍ਰੋਗਰਾਮ ਬੱਚਿਆਂ ਲਈ ਯਾਦਗਾਰ ਅਤੇ ਸਿਖਲਾਈ ਭਰਪੂਰ ਰਿਹਾ |