ਤਪਾ ਮੰਡੀ, 5 ਮਾਰਚ (ਪ੍ਰਵੀਨ ਗਰਗ)-ਤਪਾ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਇਕ ਆਲਟੋ ਕਾਰ 'ਚ ਸਵਾਰ ਚਾਚੇ ਭਤੀਜੇ ਨੂੰ 10 ਕਿੱਲੋ ਭੁੱਕੀ ਚੂਰਾ ਪੋਸਤ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ | ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸ਼ਰੀਫ਼ ਖ਼ਾਨ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਮੁਹੰਮਦ ਸਰਫ਼ਰਾਜ਼ ਆਲਮ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀ.ਐੱਸ.ਪੀ. ਤਪਾ ਗੁਰਪ੍ਰੀਤ ਸਿੰਘ ਸਿੱਧੂ ਦੀ ਯੋਗ ਅਗਵਾਈ ਹੇਠ ਤਪਾ ਪੁਲਿਸ ਦੇ ਸਹਾਇਕ ਥਾਣੇਦਾਰ ਮਨਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਸੱਕੀ ਪੁਰਸ਼ਾਂ ਦੇ ਸਬੰਧ ਵਿਚ ਬਠਿੰਡਾ ਬਰਨਾਲਾ ਹਾਈਟੈੱਕ ਨਾਕਾ ਤਪਾ ਵਿਖੇ ਮੌਜੂਦ ਸੀ | ਜਿੱਥੇ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਯਾਦਵਿੰਦਰ ਸਿੰਘ ਉਰਫ ਜਾਦੂ ਪੁੱਤਰ ਬਲਜਿੰਦਰ ਸਿੰਘ ਵਾਸੀ ਕਲਿਆਣ ਸੁੱਖਾ ਅਤੇ ਗੁਰਜੀਤ ਸਿੰਘ ਪੁੱਤਰ ਨੰਦ ਸਿੰਘ ਵਾਸੀ ਕਲਿਆਣ ਸੁੱਖਾ ਦੋਨੋਂ ਜਣੇ ਰਿਸ਼ਤੇ ਵਜੋਂ ਆਪਸ 'ਚ ਚਾਚਾ ਭਤੀਜਾ ਲਗਦੇ ਹਨ, ਭੁੱਕੀ ਚੂਰਾ ਪੋਸਤ ਵੇਚਣ ਦੇ ਆਦੀ ਹਨ, ਜੋ ਅੱਜ ਵੀ ਆਪਣੀ ਆਲਟੋ ਕਾਰ 'ਚ ਸਵਾਰ ਹੋ ਕੇ ਤਪਾ ਏਰੀਆ ਵਿਚ ਭੁੱਕੀ ਚੂਰਾ ਪੋਸਤ ਵੇਚਣ ਲਈ ਆ ਰਹੇ ਹਨ | ਜੇਕਰ ਘੜੈਲੀ ਪਲ ਨਜ਼ਦੀਕ ਤਲਾਸ਼ ਕੀਤੀ ਜਾਵੇ ਤਾਂ ਸਫਲਤਾ ਹੱਥ ਲੱਗ ਸਕਦੀ ਹੈ | ਪੁਲਿਸ ਨੇ ਤੁਰੰਤ ਹਰਕਤ 'ਚ ਆਉਂਦਿਆਂ ਦੋਸ਼ੀਆਂ ਨੂੰ ਕਾਰ ਸਣੇ ਕਾਬੂ ਕਰ ਕੇ 10 ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ | ਪੁਲਿਸ ਨੇ ਉਕਤ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਮੌਕੇ ਸਹਾਇਕ ਥਾਣੇਦਾਰ ਹਰਵਿੰਦਰਪਾਲ ਸਿੰਘ, ਮੁੱਖ ਮੁਨਸ਼ੀ ਦਵਿੰਦਰ ਸਿੰਘ, ਹੌਲਦਾਰ ਜਸਪ੍ਰੀਤ ਸਿੰਘ ਆਦਿ ਮੌਜੂਦ ਸਨ |