ਟੱਲੇਵਾਲ, 5 ਮਾਰਚ (ਸੋਨੀ ਚੀਮਾ)-ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ ਵਿਖੇ ਪੋਸਟ ਗੈ੍ਰਜੂਏਟ ਕੰਪਿਊਟਰ ਵਿਭਾਗ ਵਲੋਂ ਇਕ ਰੋਜ਼ਾ ਵਰਕਸ਼ਾਪ 'ਫੁੱਲ ਸਟੈਕ ਡਿਵੈਲਪਮੈਂਟ' ਵਿਸ਼ੇ 'ਤੇ ਕਰਵਾਈ ਗਈ | ਇਸ ਵਰਕਸ਼ਾਪ ਦਾ ਉਦੇਸ਼ ਵਿਦਿਆਰਥਣਾਂ ਨੂੰ ਆਧੁਨਿਕ ਵੈੱਬ ਡਿਵੈਲਪਮੈਂਟ ਦੀਆਂ ਤਕਨੀਕਾਂ ਤੋਂ ਜਾਣੂ ਕਰਵਾਉਣਾ ਸੀ | ਇਸ ਮੌਕੇ ਬ੍ਰਾਂਚ ਹੈੱਡ ਹਰਮਨਜੋਤ ਸਿੰਘ ਅਤੇ ਡਿਵੈਲਪਰ-ਕਮ-ਟਰੇਨਰ ਮਨਿੰਦਰ ਸਿੰਘ, ਸੋਲਿਟੇਅਰ ਇਨਫੋਸਿਸ ਪ੍ਰਾਈਵੇਟ ਲਿਮਟਿਡ ਪਟਿਆਲਾ ਦਾ ਸੰਸਥਾ ਵਿਖੇ ਪਹੁੰਚਣ 'ਤੇ ਸਵਾਗਤ ਕੀਤਾ ਗਿਆ | ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਇਹ ਜ਼ਰੂਰੀ ਹੈ ਕਿ ਵਿਦਿਆਰਥੀਆਂ ਦੀ ਅਕਾਦਮਿਕ ਪ੍ਰਗਤੀ ਦੇ ਨਾਲ-ਨਾਲ ਉਨ੍ਹਾਂ ਦੇ ਸਕਿਲ ਡਿਵੈਲਪਮੈਂਟ ਵੱਲ ਵੀ ਧਿਆਨ ਦਿੱਤਾ ਜਾਵੇ | ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਵਰਕਸ਼ਾਪ ਵਿਦਿਆਰਥੀਆਂ ਨੂੰ ਆਪਣੇ ਸਕਿਲ ਨੂੰ ਡਿਵੈਲਪ ਕਰਦਿਆਂ ਹੋਇਆ ਸਮੇਂ ਦੇ ਹਾਣੀ ਬਣਨ ਵਿਚ ਸਹਾਈ ਹੋਵੇਗੀ | ਇਸ ਮੌਕੇ ਮੁੱਖ ਬੁਲਾਰੇ ਵਜੋਂ ਪਹੁੰਚੇ ਬ੍ਰਾਂਚ ਹੈੱਡ ਸ: ਹਰਮਨਜੋਤ ਸਿੰਘ ਨੇ ਵਿਦਿਆਰਥਣਾਂ ਨੂੰ ਸੰਬੋਧਨ ਕੀਤਾ ਅਤੇ ਉਦਯੋਗਿਕ ਲੋੜਾਂ ਮੁਤਾਬਿਕ ਹੁਨਰ ਵਿਕਾਸ 'ਤੇ ਜ਼ੋਰ ਦਿੱਤਾ | ਉਨ੍ਹਾਂ ਤੋਂ ਬਾਅਦ ਡਿਵੈਲਪਰ-ਕਮ-ਟਰੇਨਰ ਸ: ਮਨਿੰਦਰ ਸਿੰਘ ਨੇ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਵਿਦਿਆਰਥਣਾਂ ਨੂੰ ਵਿਹਾਰਕ ਗਿਆਨ ਪ੍ਰਦਾਨ ਕੀਤਾ ਅਤੇ ਫੁੱਲ ਸਟੈਕ ਡਿਵੈਲਪਮੈਂਟ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਸਾਂਝੀ ਕੀਤੀ | ਇਸ ਦੌਰਾਨ ਕਾਲਜ ਵਲੋਂ ਸੋਲਿਟੇਅਰ ਇਨਫੋਸਿਸ ਪ੍ਰਾਈਵੇਟ ਲਿਮਟਿਡ ਪਟਿਆਲਾ ਨਾਲ ਇਕ ਐਮ.ਓ.ਯੂ. (ਸਮਝੌਤਾ ਪੱਤਰ) ਵੀ ਹਸਤਾਖ਼ਰ ਕੀਤਾ ਗਿਆ, ਜਿਸ ਦਾ ਮੰਤਵ ਵਿਦਿਆਰਥਣਾਂ ਨੂੰ ਸਕਿਲ ਡਿਵੈਲਪਮੈਂਟ ਸੰਬੰਧੀ ਸਿਖਲਾਈ ਪ੍ਰਦਾਨ ਕਰਨਾ ਹੈ | ਇਹ ਸਮਝੌਤਾ ਕਾਲਜ ਪ੍ਰਬੰਧਕਾਂ ਅਤੇ ਮਾਹਿਰ ਟਰੇਨਰਾਂ ਵਿਚਕਾਰ ਹੋਇਆ ਤਾਂ ਜੋ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਹੁਨਰ ਵਿਕਾਸ ਪ੍ਰੋਗਰਾਮ ਜਾਰੀ ਰੱਖੇ ਜਾ ਸਕਣ | ਇਸ ਮੌਕੇ ਪਿ੍ੰਸੀਪਲ ਚਰਨਦੀਪ ਸਿੰਘ (ਡਾ.), ਵਿਭਾਗ ਮੁਖੀ ਪ੍ਰੋ: ਜਸਪ੍ਰੀਤ ਕੌਰ, ਪ੍ਰੋ: ਜਸਪ੍ਰੀਤ ਕੌਰ ਅਤੇ ਪ੍ਰੋ: ਨਰਪ੍ਰੀਤ ਕੌਰ ਅਤੇ ਕੰਪਿਊਟਰ ਵਿਭਾਗ ਦੇ ਅਧਿਆਪਕਾਂ ਵਲੋਂ ਰਿਸੋਰਸਜ਼ ਪਰਸਨਜ਼ ਦਾ ਸਨਮਾਨ ਵੀ ਕੀਤਾ ਗਿਆ | ਇਸ ਸਮੇਂ ਮੰਚ ਸੰਚਾਲਨ ਦੀ ਭੂਮਿਕਾ ਵਿਭਾਗ ਦੀ ਪ੍ਰੋ: ਨਰਪ੍ਰੀਤ ਕੌਰ ਨੇ ਬਾਖ਼ੂਬੀ ਨਿਭਾਈ |