ਰੂੜੇਕੇ ਕਲਾਂ, 5 ਮਾਰਚ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿਛਲੇ ਦਿਨੀਂ ਬਠਿੰਡਾ ਪੁਲਿਸ ਵਲੋਂ ਸ਼ਾਂਤਮਈ ਧਰਨੇ ਲਈ ਜਾਂਦੇ ਕਿਸਾਨਾਂ 'ਤੇ ਕੀਤੇ ਗਏ ਲਾਠੀਚਾਰਜ ਤੇ ਪੀੜਤ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਲਈ ਕਿਸਾਨ ਜਥੇਬੰਦੀਆਂ ਵਲੋਂ 6 ਮਾਰਚ ਨੂੰ ਪੁੱਡਾ ਗਰਾਊਾਡ ਵਿਖੇ ਰੋਸ ਪ੍ਰਦਰਸ਼ਨ ਦੇ ਦਿੱਤੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਭਰ ਦੇ ਕਿਸਾਨ ਕਾਫ਼ਲਿਆਂ ਦੇ ਰੂਪ 'ਚ ਧਰਨੇ 'ਚ ਸ਼ਮੂਲੀਅਤ ਕਰਨਗੇ | ਉਕਤ ਜਾਣਕਾਰੀ ਰੂੜੇਕੇ ਕਲਾਂ ਵਿਖੇ ਮੀਟਿੰਗ ਉਪਰੰਤ ਦਿੰਦੇ ਹੋਏ ਭਾਕਿਯੂ ਕਾਦੀਆਂ ਦੇ ਜ਼ਿਲ੍ਹਾ ਜਰਨਲ ਸਕੱਤਰ ਭੁਪਿੰਦਰ ਸਿੰਘ ਬਿੱਟੂ ਰੂੜੇਕੇ ਕਲਾਂ, ਮੇਲਾ ਸਿੰਘ, ਗੁਰਮੇਲ ਸਿੰਘ, ਮਹਿੰਦਰ ਸਿੰਘ, ਲੀਲਾ ਸਿੰਘ, ਗੁਰਤੇਜ ਸਿੰਘ, ਜੈਲਾ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਸਮੇਂ ਤੋਂ ਲੈ ਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਕਾਰਕੁਨਾਂ 'ਤੇ ਕੀਤੇ ਜਾ ਰਹੇ ਲਾਠੀਚਾਰਜਾਂ ਕਰ ਕੇ ਪੰਜਾਬ ਭਰ ਦੇ ਕਿਸਾਨਾਂ ਵਿਚ ਰੋਸ ਪਾਇਆ ਜਾ ਰਿਹਾ ਹੈ | ਪੰਜਾਬ ਦੇ ਕਿਸਾਨਾਂ ਦੀਆਂ ਹੱਕੀ ਮੰਗਾਂ ਅਤੇ ਲੋਕਾਂ ਦੀ ਆਵਾਜ਼ ਨੂੰ ਡੰਡੇ ਨਾਲ ਨਹੀਂ ਦਬਾਇਆ ਜਾ ਸਕਦਾ | ਜਿਵੇਂ-ਜਿਵੇਂ ਸਰਕਾਰ ਕਿਸਾਨਾਂ 'ਤੇ ਅੱਤਿਆਚਾਰ ਕਰ ਰਹੀ ਹੈ ਪੰਜਾਬ ਦੇ ਕਿਸਾਨਾਂ ਦਾ ਗ਼ੁੱਸਾ ਦਿਨੋਂ ਦਿਨ ਵੱਧ ਰਿਹਾ ਹੈ | ਸਰਕਾਰ ਜਾਂ ਪੁਲਿਸ ਭਾਵੇਂ ਕੋਈ ਵੀ ਰੋਕਾਂ ਲਾ ਲਵੇ ਵੱਡੀ ਗਿਣਤੀ ਜਥੇਬੰਦੀਆਂ ਦੇ ਕਿਸਾਨ ਬਠਿੰਡਾ ਪਹੁੰਚਣਗੇ | ਇਸ ਮੌਕੇ ਬਾਰੂ ਸਿੰਘ ਤੋਂ ਇਲਾਵਾ ਕਿਸਾਨ ਹਾਜ਼ਰ ਸਨ |