ਬਰਨਾਲਾ, 8 ਮਾਰਚ (ਰਾਜ ਪਨੇਸਰ)-ਜ਼ਿਲ੍ਹਾ ਬਰਨਾਲਾ ਪੁਲਿਸ ਵਲੋਂ ਫਰਜ਼ੀ ਫਿਰੌਤੀ ਕਾਲਾਂ ਕਰ ਕੇ ਝੂਠੀ ਸ਼ੋਹਰਤ ਹਾਸਲ ਕਰਨ ਅਤੇ ਪੁਲਿਸ ਸੁਰੱਖਿਆ ਮੰਗਣ ਵਾਲੇ ਗਰੋਹ ਦੇ ਪੰਜ ਵਿਅਕਤੀਆਂ ਨੂੰ ਗਿ੍ਫਤਾਰ ਕੀਤਾ ਗਿਆ ਹੈ | ਇਸ ਸਬੰਧੀ ਪ੍ਰੈਸ ਕਾਨਫਰੰਸ ਕਰਦਿਆਂ ਐੱਸ.ਐੱਸ.ਪੀ. ਮੁਹੰਮਦ ਸਰਫ਼ਰਾਜ਼ ਆਲਮ ਨੇ ਦੱਸਿਆ ਕਿ ਬਰਨਾਲਾ ਪੁਲਿਸ ਨੂੰ ਸੂਚਨਾ ਮਿਲੀ ਕਿ ਇਕ ਗਿਰੋਹ ਵਲੋਂ ਸ਼ਿਵਮ ਮਿੱਤਲ ਨਵੀ ਪੁੱਤਰ ਹਰਮੇਸ਼ ਕੁਮਾਰ ਵਾਸੀ ਗਲੀ ਨੰ: 6 ਬੀ., ਰਾਮਬਾਗ ਰੋਡ ਬਰਨਾਲਾ ਨੂੰ ਫ਼ੋਨ 'ਤੇ ਧਮਕੀ ਦਿੱਤੀ ਗਈ ਹੈ ਕਿ ਉਹ 20 ਲੱਖ ਰੁਪਏ ਦੇਵੇ ਨਹੀਂ ਤਾਂ ਉਸ ਦਾ ਨੁਕਸਾਨ ਕੀਤਾ ਜਾਵੇਗਾ | ਪੁਲਿਸ ਨੂੰ ਇਹ ਮਾਮਲਾ ਸੱਕੀ ਲੱਗਿਆ ਤਾਂ ਪੁਲਿਸ ਨੇ ਇਸ ਮਾਮਲੇ ਸਬੰਧੀ ਐੱਸ.ਪੀ. (ਡੀ.) ਅਸ਼ੋਕ ਸ਼ਰਮਾ ਦੀ ਅਗਵਾਈ ਹੇਠ ਇਕ ਟੀਮ ਬਣਾਈ ਗਈ | ਜਿਸ ਦੀ ਪੈਰਵੀ ਡੀ.ਐੱਸ.ਪੀ. ਰਜਿੰਦਰਪਾਲ ਸਿੰਘ, ਸੀ.ਆਈ.ਏ. ਸਟਾਫ਼ ਦੇ ਇੰਚਾਰਜ ਇੰਸ: ਬਲਜੀਤ ਸਿੰਘ ਕਰ ਰਹੇ ਸਨ | ਪੁਲਿਸ ਵਲੋਂ ਬਰਨਾਲਾ-ਠੀਕਰੀਵਾਲਾ ਰੋਡ ਤੋਂ ਿਲੰਕ ਰੋਡ ਪਿੰਡ ਸੰਘੇੜਾ ਵਲੋਂ ਤੋਂ ਸ਼ਿਵਮ ਮਿੱਤਲ ਨਵੀ ਪੁੱਤਰ ਹਰਮੇਸ਼ ਕੁਮਾਰ ਵਾਸੀ ਗਲੀ ਨੰ: 6. ਬੀ. ਰਾਮਬਾਗ ਰੋਡ ਬਰਨਾਲਾ (ਜੋ ਕਿ ਭੱਠੇ ਦਾ ਮਾਲਕ ਹੈ), ਪਰਮਜੀਤ ਸਿੰਘ ਪੰਮਾ ਪੁੱਤਰ ਦਰਸ਼ਨ ਸਿੰਘ ਵਾਸੀ ਪੱਤੀ ਰੋਡ ਬਰਨਾਲਾ (ਸ਼ਿਵਮ ਮਿੱਤਲ ਦਾ ਡਰਾਈਵਰ), ਗੁਰਪ੍ਰੀਤ ਸਿੰਘ ਗੋਪੀ ਪੁੱਤਰ ਭੋਲਾ ਸਿੰਘ ਵਾਸੀ ਕਾਂਗੜ ਪੱਤੀ ਭਾਈਰੂਪਾ ਹਾਲ ਆਬਾਦ ਪੱਤੀ ਰੋਡ ਬਰਨਾਲਾ, ਕੁਲਵੰਤ ਰਾਏ ਵਿੱਕੀ ਪੰਡਤ ਪੁੱਤਰ ਸੋਮ ਲਾਲ ਵਾਸੀ ਕਾਂਗੜ ਭਾਈਰੂਪਾ, ਕਮਲਪ੍ਰੀਤ ਸਿੰਘ ਬੱਬੂ ਪੁੱਤਰ ਜਸਵੰਤ ਸਿੰਘ ਵਾਸੀ ਕਾਂਗੜ ਪੱਤੀ ਭਾਈਰੂਪਾ ਨੂੰ ਇਕ ਪਿਸਤੌਲ 215 ਬੋਰ, ਦੋ ਜਿੰਦਾ ਕਾਰਤੂਸ ਅਤੇ ਕਾਰ ਸਮੇਤ ਕਾਬੂ ਕਰ ਲਿਆ ਗਿਆ | ਪੁੱਛਗਿੱਛ ਤੋਂ ਬਾਅਦ ਲੱਗਾ ਕਿ ਗੁਰਪ੍ਰੀਤ ਸਿੰਘ ਪਰਮਜੀਤ ਸਿੰਘ ਦਾ ਦੋਸਤ ਹੈ | ਇਸ ਨੇ ਕੁਲਵੰਤ ਰਾਏ ਅਤੇ ਕਮਲਪੀ੍ਰਤ ਸਿੰਘ ਤੋਂ ਸ਼ਿਵਮ ਮਿੱਤਲ ਨੂੰ 20 ਲੱਖ ਰੁਪਏ ਦੀ ਫਿਰੌਤੀ ਲਈ ਫ਼ੋਨ ਕਰਵਾਇਆ ਸੀ ਤਾਂ ਜੋ ਪੁਲਿਸ ਸਾਹਮਣੇ ਮਾਮਲਾ ਰੱਖ ਕੇ ਪੁਲਿਸ ਸੁਰੱਖਿਆ ਹਾਸਲ ਕੀਤੀ ਜਾ ਸਕੇ | ਪੁਲਿਸ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਜੋ ਕਿ ਇਨ੍ਹਾਂ ਮੁਲਜ਼ਮਾਂ ਨੇ ਜੋ ਕਹਾਣੀ ਘੜੀ ਸੀ ਉੱਠ ਝੂਠੀ ਸੀ | ਉਹ ਸਿਰਫ਼ ਪੁਲਿਸ ਸੁਰੱਖਿਆ ਲੈਣ ਲਈ ਘੜੀ ਗਈ ਸੀ | ਐੱਸ.ਐੱਸ.ਪੀ. ਨੇ ਦੱਸਿਆ ਕਿ ਪੰਜੇ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਕੇ ਮਾਮਲਾ ਦਰਜ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਮੌਕੇ ਏ.ਐੱਸ.ਆਈ. ਸੁਖਵਿੰਦਰ ਸਿੰਘ ਵੀ ਹਾਜ਼ਰ ਸਨ |