ਟੱਲੇਵਾਲ, 10 ਮਾਰਚ (ਸੋਨੀ ਚੀਮਾ)-ਬੇਸਹਾਰਾ ਪਸ਼ੂਆਂ ਦੀ ਸੇਵਾ ਅਤੇ ਸੰਭਾਲ ਲਈ ਬਣੀਆਂ ਗਊਸ਼ਾਲਾਵਾਂ ਸਮਾਜਿਕ ਭਲਾਈ ਦਾ ਮਹੱਤਵਪੂਰਨ ਕੇਂਦਰ ਮੰਨੀਆਂ ਜਾਂਦੀਆਂ ਹਨ, ਪਰ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਗਹਿਲ ਵਿਚ ਚੱਲ ਰਹੀ ਗਊਸ਼ਾਲਾ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਹੀ ਹੈ | ਸਹੂਲਤਾਂ ਅਤੇ ਆਰਥਿਕ ਸਹਿਯੋਗ ਦੀ ਘਾਟ ਕਾਰਨ ਇੱਥੇ ਗਊਆਂ ਦੀ ਸੰਭਾਲ ਕਰਨਾ ਪ੍ਰਬੰਧਕਾਂ ਲਈ ਵੱਡੀ ਚੁਨੌਤੀ ਬਣ ਗਿਆ ਹੈ | ਗਊਸ਼ਾਲਾ ਦੇ ਮੁੱਖ ਸੇਵਾਦਾਰ ਹੇਮਰਾਜ ਰਾਜੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਊਸ਼ਾਲਾ ਵਿਚ ਇਸ ਸਮੇਂ 70 ਤੋਂ ਵੱਧ ਗਊਆਂ ਅਤੇ ਵੱਛੇ ਹਨ, ਪਰ ਉਨ੍ਹਾਂ ਲਈ ਪੂਰਾ ਸ਼ੈੱਡ ਨਾ ਹੋਣ ਕਾਰਨ ਕਈ ਪਸ਼ੂ ਧੁੱਪ ਤੇ ਮੀਂਹ ਵਿਚ ਖੁੱਲ੍ਹੇ ਆਸਮਾਨ ਹੇਠ ਰਹਿਣ ਲਈ ਮਜਬੂਰ ਹਨ | ਮੌਸਮੀ ਤਬਦੀਲੀਆਂ ਦੇ ਕਾਰਨ ਕਈ ਗਊਆਂ ਬਿਮਾਰ ਹੋ ਜਾਂਦੀਆਂ ਹਨ, ਪਰ ਗਊਸ਼ਾਲਾ ਕੋਲ ਦਵਾਈ ਅਤੇ ਇਲਾਜ ਲਈ ਫ਼ੰਡ ਨਹੀਂ ਹਨ | ਉਨ੍ਹਾਂ ਦੱਸਿਆ ਕਿ ਗਊਸ਼ਾਲਾ ਵਿਚ ਸੇਵਾਦਾਰਾਂ ਲਈ ਕੇਵਲ ਇਕ ਹੀ ਕਮਰਾ ਹੈ, ਜਿਸ ਦੀ ਹਾਲਤ ਵੀ ਬਹੁਤ ਖ਼ਰਾਬ ਹੈ | ਮੀਂਹ ਦੇ ਸਮੇਂ ਇਹ ਕਮਰਾ ਵੀ ਚੌਣ ਲੱਗਦਾ ਹੈ ਅਤੇ ਅੰਦਰ ਜ਼ਹਿਰੀਲੇ ਜਾਨਵਰ ਆ ਜਾਣ ਕਾਰਨ ਸੇਵਾਦਾਰਾਂ ਦੀ ਸੁਰੱਖਿਆ ਨੂੰ ਖ਼ਤਰਾ ਬਣਿਆ ਰਹਿੰਦਾ ਹੈ | ਇਸ ਤੋਂ ਇਲਾਵਾ ਬਿਜਲੀ ਦੇ ਵੱਧਦੇ ਬਿੱਲ ਵੀ ਪ੍ਰਬੰਧਕਾਂ ਲਈ ਚਿੰਤਾ ਦਾ ਕਾਰਨ ਬਣੇ ਹੋਏ ਹਨ, ਕਿਉਂਕਿ ਫ਼ੰਡਾਂ ਦੀ ਕਮੀ ਕਾਰਨ ਬਿੱਲ ਅਦਾ ਕਰਨਾ ਮੁਸ਼ਕਲ ਹੋ ਰਿਹਾ ਹੈ | ਗਊਸ਼ਾਲਾ ਵਿਚ ਚਾਰੇ ਦੀ ਤਿਆਰੀ ਲਈ ਮਸ਼ੀਨ ਦੀ ਵੀ ਕਮੀ ਹੈ, ਜਿਸ ਕਾਰਨ ਪਸ਼ੂਆਂ ਲਈ ਚਾਰਾ ਤਿਆਰ ਕਰਨਾ ਅÏਖਾ ਹੋ ਜਾਂਦਾ ਹੈ | ਮੁੱਖ ਸੇਵਾਦਾਰ ਨੇ ਕਿਹਾ ਕਿ ਜੇ ਸਮਾਜ ਦੇ ਦਾਨੀ ਸੱਜਣ ਅੱਗੇ ਆ ਕੇ ਸਹਿਯੋਗ ਕਰਨ ਤਾਂ ਗਊਆਂ ਲਈ ਪੱਕੇ ਸ਼ੈੱਡ, ਤੂੜੀ ਸਟੋਰ ਕਰਨ ਲਈ ਥਾਂ ਅਤੇ ਸੇਵਾਦਾਰਾਂ ਲਈ ਰਹਿਣ ਯੋਗ ਕਮਰੇ ਬਣਾਏ ਜਾ ਸਕਦੇ ਹਨ | ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਗਊਸ਼ਾਲਾ ਦੀ ਮਦਦ ਲਈ ਹੱਥ ਵਧਾਇਆ ਜਾਵੇ ਤਾਂ ਜੋ ਬੇਸਹਾਰਾ ਗਊਆਂ ਦੀ ਸੰਭਾਲ ਬਿਹਤਰ ਢੰਗ ਨਾਲ ਕੀਤੀ ਜਾ ਸਕੇ |