ਭਦੌੜ, 10 ਮਾਰਚ (ਰਜਿੰਦਰ ਬੱਤਾ, ਵਿਨੋਦ ਕਲਸੀ)-ਵਿਧਾਨ ਸਭਾ ਹਲਕਾ ਭਦੌੜ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਬਜਟ 2026-27 ਨੂੰ ਝੂਠ ਦਾ ਪੁਲੰਦਾ ਕਰਾਰ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਔਰਤ ਦਿਵਸ ਮੌਕੇ ਵੀ ਔਰਤਾਂ ਸਮੇਤ ਪੰਜਾਬ ਦੇ ਹਰ ਵਰਗ ਨਾਲ ਧੋਖਾ ਕੀਤਾ ਹੈ | ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਬਜਟ ਭਾਸ਼ਣ ਦੌਰਾਨ ਕੀਤੇ ਗਏ ਦਾਅਵੇ ਬਿਲਕੁਲ ਬੇਬੁਨਿਆਦ ਤੇ ਹਕੀਕਤ ਤੋਂ ਦੂਰ ਹਨ | ਐਡਵੋਕੇਟ ਰਾਹੀ ਨੇ ਕਿਹਾ ਕਿ ਸਰਕਾਰ ਵਲੋਂ ਬਜਟ ਵਿਚ ਕੀਤੇ ਗਏ ਐਲਾਨ ਅਸਲ ਜ਼ਮੀਨੀ ਹਕੀਕਤ ਨਾਲ ਕੋਈ ਸਬੰਧ ਨਹੀਂ ਰੱਖਦੇ, ਕਿਉਂਕਿ ਪੰਜਾਬ ਦੇ ਹੜ੍ਹ ਪੀੜਤ ਕਿਸਾਨਾਂ ਅੱਜ ਤੱਕ ਵੀ ਆਪਣੇ ਮੁਆਵਜ਼ੇ ਦੀ ਉਡੀਕ ਕਰ ਰਹੇ ਹਨ ਪਰ ਸਰਕਾਰ ਨੇ ਇਸ ਮਸਲੇ ਲਈ ਕੋਈ ਢੰਗ ਵੀ ਯੋਜਨਾ ਨਹੀਂ ਬਣਾਈ ਅਤੇ ਪੰਜਾਬ ਦੇ ਖ਼ਜ਼ਾਨੇ ਨੂੰ ਭਰਨ ਵਾਲੀ ਆਪ ਸਰਕਾਰ ਦੇ ਹੱਥ ਅੱਜ ਬਿਲਕੁਲ ਖ਼ਾਲੀ ਹਨ ਜੋ ਪੰਜਾਬ ਦੀਆਂ ਜਾਇਦਾਦਾਂ ਵੇਚ ਕੇ ਦਿਨ ਲੰਘਾ ਰਹੀ ਹੈ | ਇਸ ਤੋਂ ਪੰਜਾਬ ਦੇ ਵਿਕਾਸ ਕੀ ਆਸ ਰੱਖੀ ਜਾ ਸਕਦੀ ਹੈ | ਉਨ੍ਹਾਂ ਦੱਸਿਆ ਕਿ 15 ਮਾਰਚ ਨੂੰ ਪਿੰਡ ਤਾਜੋਕੇ ਦੇ ਪਬਲਿਕ ਸਟੇਡੀਅਮ ਵਿਖੇ 'ਪੰਜਾਬ ਬਚਾਓ' ਰੈਲੀ ਤਹਿਤ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਪੁੱਜ ਰਹੇ ਹਨ ਇਸ ਰੈਲੀ ਨੂੰ ਲੈ ਕੇ ਪਾਰਟੀ ਆਗੂਆਂ ਅਤੇ ਵਰਕਰਾਂ ਕੀਤੀਆਂ ਜਾ ਰਹੀਆਂ ਨੁੱਕੜ ਮੀਟਿੰਗਾਂ ਅੰਦਰ ਲੋਕਾਂ ਵਲੋਂ ਭਰਪੂਰ ਸਮਰਥਨ ਮਿਲ ਰਿਹਾ ਹੈ | ਇਸ ਸਮੇਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਧੰਮੀ, ਸ਼ਹਿਰੀ ਪ੍ਰਧਾਨ ਅਮਨਿੰਦਰ ਸਿੰਘ ਗੋਲਡੀ ਭੁੱਲਰ, ਸਰਪੰਚ ਗੁਰਜੰਟ ਸਿੰਘ ਜੈਦ, ਡਾ: ਅਵਤਾਰ ਸਿੰਘ ਗਿੱਲ, ਸੁਖਦੇਵ ਸਿੰਘ ਜੈਦ, ਲਾਭ ਸਿੰਘ ਲਧਰੋਈਆ, ਜਸਵੀਰ ਸਿੰਘ ਭਾਗੀਕੇ, ਸੁਖਦੇਵ ਸਿੰਘ, ਉਕਾਂਰ ਸਿੰਘ ਓਮੀ, ਦਰਸ਼ਨ ਸਿੰਘ ਘੋੜਾ, ਸੁਰਜੀਤ ਸਿੰਘ ਗੋਂਦਾਰਾ ਸਮੇਤ ਹੋਰ ਵੀ ਆਗੂ ਹਾਜ਼ਰ ਸਨ |