ਬਰਨਾਲਾ, 12 ਮਾਰਚ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਸਰਕਾਰ ਵਲੋਂ ਪ੍ਰਤੀ ਪਰਿਵਾਰ 10 ਲੱਖ ਰੁਪਏ ਤੱਕ ਦੇ ਨਕਦੀ ਰਹਿਤ ਇਲਾਜ ਦੀ ਸਹੂਲਤ ਦੇਣ ਲਈ ਚਲਾਈ ਜਾ ਰਹੀ 'ਮੁੱਖ ਮੰਤਰੀ ਸਿਹਤ ਯੋਜਨਾ' ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ | ਇਸ ਯੋਜਨਾ ਤਹਿਤ ਜਿੱਥੇ ਕੈਂਪਾਂ ਰਾਹੀਂ ਰਜਿਸਟਰੇਸ਼ਨ ਹੋ ਰਹੀ ਹੈ, ਉੱਥੇ ਨਾਲੋਂ ਨਾਲ ਮਰੀਜ਼ਾਂ ਨੂੰ ਮੁਫ਼ਤ ਇਲਾਜ ਦੀ ਸਹੂਲਤ ਮਿਲ ਰਹੀ ਹੈ | ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਜ਼ਿਲ੍ਹਾ ਬਰਨਾਲਾ ਵਿਚ 8 ਜਨਵਰੀ ਤੋਂ ਹੁਣ ਤੱਕ 48590 ਵਿਅਕਤੀਆਂ ਦੀ ਰਜਿਸਟਰੇਸ਼ਨ ਹੋ ਚੁੱਕੀ ਹੈ | ਇਸ ਤੋਂ ਇਲਾਵਾ ਸਕੀਮ ਤਹਿਤ ਸਰਕਾਰੀ ਅਤੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿਚ 1850 ਤੋਂ ਵੱਧ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾ ਚੁੱਕਿਆ ਹੈ | ਇਸ ਸਕੀਮ ਤਹਿਤ ਕਾਮਨ ਸਰਵਿਸ ਸੈਂਟਰਾਂ ਤੋਂ ਇਲਾਵਾ ਜ਼ਿਲ੍ਹੇ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਰੋਜ਼ਾਨਾ ਕੈਂਪ ਲਗਾ ਨੇ ਰਜਿਸਟਰੇਸ਼ਨ ਕੀਤੀ ਜਾ ਰਹੀ ਹੈ | ਹੁਣ ਤੱਕ 125 ਤੋਂ ਵੱਧ ਪਿੰਡਾਂ/ਵਾਰਡਾਂ ਵਿਚ ਵਿਸ਼ੇਸ਼ ਕੈਂਪ ਲਾਏ ਜਾ ਚੁੱਕੇ ਹਨ | ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਸਕੀਮ ਤਹਿਤ ਰਜਿਸਟਰੇਸ਼ਨ ਲਈ ਪਰਿਵਾਰ ਦੇ ਸਾਰੇ ਮੈਂਬਰ ਆਪਣਾ ਆਧਾਰ ਕਾਰਡ, ਵੋਟਰ ਕਾਰਡ ਅਤੇ ਨਾਬਾਲਗ ਦੀ ਰਜਿਸਟਰੇਸ਼ਨ ਲਈ ਜਨਮ ਸਰਟੀਫਿਕੇਟ ਨਾਲ ਜ਼ਰੂਰ ਲਿਜਾਣ | ਉਨ੍ਹਾਂ ਕਿਹਾ ਕਿ ਇਸ ਵੇਲੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ, ਐਸ.ਡੀ.ਐਮ. ਦਫ਼ਤਰ ਤਪਾ, ਐਸ.ਡੀ.ਐਮ. ਦਫ਼ਤਰ ਮਹਿਲ ਕਲਾਂ ਦੇ ਵਿਸ਼ੇਸ਼ ਕੈਂਪਾਂ ਤੋਂ ਇਲਾਵਾ 21 ਪਿੰਡਾਂ/ਵਾਰਡਾਂ ਜਿਨ੍ਹਾਂ ਵਿਚ ਵਾਰਡ ਨੰਬਰ 5 ਬਰਨਾਲਾ, ਵਾਰਡ ਨੰਬਰ 7 (ਅਨਾਜ ਮੰਡੀ) ਬਰਨਾਲਾ, ਵਾਰਡ ਨੰਬਰ 4 ਬਰਨਾਲਾ, ਵਾਰਡ ਨੰਬਰ 13 ਹੰਡਿਆਇਆ, ਵਾਰਡ ਨੰਬਰ 7 ਬਰਨਾਲਾ, ਵਾਰਡ ਨੰਬਰ 11 ਬਰਨਾਲਾ, ਵਾਰਡ ਨੰਬਰ 5 ਧਨੌਲਾ, ਪਿੰਡ ਮੱਲੀਆਂ, ਰਾਏਸਰ ਪੰਜਾਬ, ਰਾਏਸਰ ਪਟਿਆਲਾ, ਚੁਹਾਣਕੇ ਕਲਾਂ, ਚੁਹਾਣਕੇ ਖ਼ੁਰਦ, ਕਲਾਲਾਂ, ਮਾਂਗੇਵਾਲ, ਸੰਧੂ ਕਲਾਂ, ਈਸ਼ਰ ਸਿੰਘ ਵਾਲਾ, ਢਿੱਲਵਾਂ ਪਟਿਆਲਾ, ਦਰਾਕਾ, ਤਪਾ, ਮੌੜ ਨਾਭਾ, ਰਾਜੀਆ ਵਿਚ ਕੈਂਪ ਜਾਰੀ ਹਨ |