ਬਰਨਾਲਾ, 2 ਅਪ੍ਰੈਲ (ਅਸ਼ੋਕ ਭਾਰਤੀ)-ਪੰਜਾਬ ਸਰਕਾਰ ਵਲੋਂ ਪਿਛਲੇ ਸਮੇਂ ਦੌਰਾਨ ਕਿਸਾਨਾਂ ਦੀਆਂ ਮੰਨੀਆਂ ਗਈਆਂ ਮੰਗਾਂ ਅਤੇ ਬਰਸਾਤ ਗੜ੍ਹੇਮਾਰੀ ਤੇ ਝੱਖੜ ਨਾਲ ਫ਼ਸਲਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ, ਬੈਂਕਾਂ ਵਲੋਂ ਕਿਸਾਨਾਂ ਤੋਂ ਲੈ ਕੇ ਰੱਖੇ ਖ਼ਾਲੀ ਚੈਕ ਵਾਪਸ ਕਰਵਾਉਣ, ਕਿਸਾਨੀ ਅੰਦੋਲਨ ਦੌਰਾਨ ਕਿਸਾਨਾਂ 'ਤੇ ਕੀਤੇ ਗਏ ਸਾਰੇ ਝੂਠੇ ਮੁਕੱਦਮੇ ਵਾਪਸ ਲੈਣ, ਸ਼ੰਭੂ ਅਤੇ ਖਨੌਰੀ ਮੋਰਚੇ ਉੱਪਰ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਅਤੇ ਵੱਖ-ਵੱਖ ਸਮੇਂ ਦੌਰਾਨ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਹੱਲ ਆਦਿ ਮੰਗਾਂ ਲਈ ਦੇਸ਼ ਦੇ ਰਾਸ਼ਟਰਪਤੀ, ਮੁੱਖ ਮੰਤਰੀ ਨੂੰ ਪ੍ਰਸ਼ਾਸਨਿਕ ਅਧਿਕਾਰੀ ਰਾਹੀਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਆਗੂ ਗੁਰਚਰਨ ਸਿੰਘ ਧੂਰਕੋਟ, ਨਛੱਤਰ ਸਿੰਘ ਸਹੌਰ, ਗੁਰਪ੍ਰੀਤ ਸਿੰਘ ਬਲਾਕ ਪ੍ਰਧਾਨ ਸ਼ਹਿਣਾ, ਗਿਆਨ ਸਿੰਘ ਬਾਜਵਾ, ਦਰਸ਼ਨ ਸਿੰਘ ਧੂਰਕੋਟ, ਗੁਰਪ੍ਰੀਤ ਸਿੰਘ ਕੁੱਬੇ, ਇਕਾਈ ਪ੍ਰਧਾਨ ਮੱਖਣ ਸਿੰਘ ਕੁੱਬੇ, ਅਮਰਜੀਤ ਸਿੰਘ ਠੀਕਰੀਵਾਲ, ਭੋਲਾ ਸਿੰਘ ਠੀਕਰੀਵਾਲ ਦੀ ਅਗਵਾਈ ਵਿਚ ਮੰਗ-ਪੱਤਰ ਦਿੱਤਾ ਗਿਆ | ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਗੁਰਚਰਨ ਸਿੰਘ ਧੂਰਕੋਟ ਨੇ ਕਿਹਾ ਕਿ ਦੇਸ਼ ਦੀ ਕਿਸਾਨੀ ਵੱਡੇ ਆਰਥਿਕ ਸੰਕਟ ਵਿਚੋਂ ਲੰਘ ਰਹੀ ਹੈ | ਕਰਜ਼ੇ ਦੀ ਮਾਰ ਕਾਰਨ ਦੇਸ਼ ਦੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ | ਲਾਗਤ ਅਨੁਸਾਰ ਕਿਸਾਨਾਂ ਨੂੰ ਸਹੀ ਰੇਟ ਨਹੀਂ ਮਿਲ ਰਹੇ ਹਨ | ਦਿਨੋਂ ਦਿਨ ਖੇਤੀਬਾੜੀ ਤੇ ਲਾਗਤ ਖ਼ਰਚੇ ਵਧਾਏ ਜਾ ਰਹੇ ਹਨ ਆਮਦਨ ਘਟਾਈ ਜਾ ਰਹੀ ਹੈ ਜਿਸ ਕਰ ਕੇ ਦੇਸ਼ ਦਾ ਕਿਸਾਨ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਰਿਹਾ ਹੈ | ਸਾਜ਼ਿਸ਼ ਤਹਿਤ ਪੰਜਾਬ ਦੀਆਂ ਜ਼ਮੀਨਾਂ ਕਿਸਾਨਾਂ ਤੋਂ ਖੋਹ ਕੇ ਕਾਰਪੋਰੇਟ ਘਰਾਨਿਆਂ ਨੂੰ ਦੇਣ ਲਈ ਮਾਹੌਲ ਸਿਰਜਿਆ ਜਾ ਰਿਹਾ ਹੈ | ਇਸ ਮੌਕੇ ਕਿਸਾਨ ਆਗੂ ਹਾਜ਼ਰ ਸਨ |