ਮਹਿਲ ਕਲਾਂ, 2 ਅਪ੍ਰੈਲ (ਅਵਤਾਰ ਸਿੰਘ ਅਣਖੀ)-ਮੁੱਖ ਮੰਤਰੀ ਪੰਜਾਬ ਵਲੋਂ ਇਕ ਸਮਾਗਮ ਦੌਰਾਨ ਅੰਨਦਾਤਾ ਖ਼ਿਲਾਫ਼ ਕੀਤੀ ਗਈ ਬਿਆਨਬਾਜ਼ੀ ਨੂੰ ਲੈ ਕੇ ਕਿਸਾਨ ਵਰਗ 'ਚ ਰੋਸ ਵਧਦਾ ਜਾ ਰਿਹਾ ਹੈ | ਭਾਕਿਯੂ ਕਾਦੀਆਂ ਬਲਾਕ ਮਹਿਲ ਕਲਾਂ ਨੇ ਇਸ ਮਾਮਲੇ ਨੂੰ ਗੰਭੀਰ ਦੱਸਦਿਆਂ ਕਿਹਾ ਹੈ ਕਿ ਕਿਸਾਨਾਂ ਦੇ ਮਾਣ ਸਨਮਾਨ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸ ਮੌਕੇ ਜਥੇਬੰਦੀ ਦੇ ਬਲਾਕ ਪ੍ਰਧਾਨ ਪਰਮਜੀਤ ਸਿੰਘ ਢੀਂਡਸਾ ਅਤੇ ਸਕੱਤਰ ਡਾ: ਸੁਖਦੀਪ ਸਿੰਘ ਗਿੱਲ ਨੇ ਸਾਂਝੇ ਬਿਆਨ 'ਚ ਕਿਹਾ ਕਿ ਦੇਸ਼ ਦਾ ਅੰਨਦਾਤਾ ਦੇ ਖ਼ਿਲਾਫ਼ ਅਜਿਹੀ ਬਿਆਨਬਾਜ਼ੀ ਕਰਨਾ ਬਹੁਤ ਹੀ ਨਿੰਦਣਯੋਗ ਹੈ | ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਹੱਕਾਂ ਲਈ ਸ਼ਾਂਤੀਪੂਰਨ ਢੰਗ ਨਾਲ ਸੰਘਰਸ਼ ਕਰ ਰਹੇ ਹਨ, ਪਰ ਸਰਕਾਰ ਵਲੋਂ ਉਨ੍ਹਾਂ ਦੀ ਆਵਾਜ਼ ਸੁਣਨ ਦੀ ਬਜਾਏ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਜ਼ਲੀਲ ਕੀਤਾ ਜਾ ਰਿਹਾ ਹੈ | ਆਗੂਆਂ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਪਹਿਲਾਂ ਹੀ ਕਰਜ਼ੇ, ਮਹਿੰਗੀ ਖੇਤੀ, ਘੱਟ ਭਾਅ ਅਤੇ ਨੀਤੀਆਂ ਦੀ ਅਣਦੇਖੀ ਕਾਰਨ ਸੰਕਟ 'ਚ ਹੈ | ਇਸ ਹਾਲਾਤ 'ਚ ਸਰਕਾਰ ਨੂੰ ਕਿਸਾਨਾਂ ਨਾਲ ਸੰਵਾਦ ਕਰ ਕੇ ਹੱਲ ਲੱਭਣਾ ਚਾਹੀਦਾ ਸੀ, ਪਰ ਇਸ ਦੀ ਥਾਂ ਉਨ੍ਹਾਂ ਦੇ ਮਖ਼ੌਲ ਉਡਾ ਕੇ ਬੇਇੱਜ਼ਤੀ ਕੀਤੀ ਜਾ ਰਹੀ ਹੈ, ਜਿਸ ਨਾਲ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਗੰਭੀਰ ਠੇਸ ਪਹੁੰਚੀ ਹੈ | ਜਥੇਬੰਦੀ ਨੇ ਮੁੱਖ ਮੰਤਰੀ ਪੰਜਾਬ ਨੂੰ ਤੁਰੰਤ ਜਨਤਕ ਮੁਆਫ਼ੀ ਮੰਗਣ ਦੀ ਮੰਗ ਕਰਦਿਆਂ ਚੇਤਾਵਨੀ ਦਿੱਤੀ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਹੋਰਨਾਂ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਪੰਜਾਬ ਭਰ 'ਚ ਤਿੱਖਾ ਸੰਘਰਸ਼ ਸ਼ੁਰੂ ਕਰਨ ਲਈ ਮਜਬੂਰ ਹੋਵੇਗੀ | ਉਨ੍ਹਾਂ ਕਿਹਾ ਕਿ ਅੰਨਦਾਤਾ ਦੀ ਇੱਜ਼ਤ ਅਤੇ ਹੱਕਾਂ ਦੀ ਰੱਖਿਆ ਲਈ ਕਿਸਾਨ ਹਰ ਪੱਧਰ 'ਤੇ ਲੜਾਈ ਲੜਨ ਲਈ ਤਿਆਰ ਹਨ | ਇਸ ਮੌਕੇ ਮਹਿੰਦਰ ਸਿੰਘ ਮਹਿਲ ਕਲਾਂ, ਰਣਜੀਤ ਸਿੰਘ ਕਲਾਲਾ, ਜਸਵਿੰਦਰ ਸਿੰਘ ਛੀਨੀਵਾਲ, ਸੁਰਿੰਦਰ ਸਿੰਘ ਵਜੀਦਕੇ, ਕੁਲਦੀਪ ਸਿੰਘ ਹਮੀਦੀ, ਮਲਕੀਤ ਸਿੰਘ ਮੀਤਾ ਮਹਿਲ ਕਲਾਂ ,ਅਮਰਜੀਤ ਸਿੰਘ ਭੋਲਾ, ਰਾਮ ਸਿੰਘ ਹਮੀਦੀ, ਅਮਰਜੀਤ ਸਿੰਘ ਬੱਸੀਆਂ ਆਦਿ ਹਾਜ਼ਰ ਸਨ |