ਸ਼ਹਿਣਾ, 3 ਅਪ੍ਰੈਲ (ਸੁਰੇਸ਼ ਗੋਗੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਬਲਾਕ ਪੱਧਰੀ ਮੀਟਿੰਗ ਸਨਅਤੀ ਕਸਬਾ ਪੱਖੋ ਕੈਂਚੀਆਂ ਵਿਖੇ ਬਲਾਕ ਪ੍ਰਧਾਨ ਗੁਰਚਰਨ ਸਿੰਘ ਭਦੌੜ ਦੀ ਪ੍ਰਧਾਨਗੀ ਹੇਠ ਹੋਈ | ਇਸ ਸਮੇਂ ਸੰਬੋਧਨ ਕਰਦਿਆਂ ਚਮਕੌਰ ਸਿੰਘ ਨੈਣੇਵਾਲ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ | ਨਰੇਗਾ ਸਕੀਮ ਨੂੰ ਬੰਦ ਕੀਤੀਆਂ ਕਾਫ਼ੀ ਸਮਾਂ ਲੰਘ ਚੱੁਕਿਆ ਹੈ, ਪਰ ਸ਼ੁਰੂ ਨਹੀਂ ਕੀਤੀ ਗਈ | ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਧਰਨਿਆਂ ਦੇ ਚੱਲਦਿਆਂ ਕਈ ਵਾਰ ਵਾਅਦੇ ਕੀਤੇ ਗਏ ਜੋ ਪੂਰੇ ਨਹੀਂ ਕੀਤੇ ਗਏ | ਉਨ੍ਹਾਂ ਕਿਹਾ ਕਿ 6 ਅਪੈ੍ਰਲ ਨੂੰ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਸੰਯੁਕਤ ਮੋਰਚੇ ਦੇ ਸੱਦੇ ਤਹਿਤ ਧਰਨੇ ਦਿੱਤੇ ਜਾਣਗੇ ਅਤੇ ਕਿਸਾਨੀ ਮੰਗਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਜਾਵੇਗੀ | ਇਸ ਮੌਕੇ ਜਗਤਾਰ ਸਿੰਘ ਢਿੱਲਵਾਂ, ਹਰੀ ਸਿੰਘ ਭਗਤਪੁਰਾ, ਕਾਲਾ ਸਿੱਧੂ ਜਗਜੀਤਪੁਰਾ, ਗੁਰਦੀਪ ਸਿੰਘ ਪੱਖੋਕੇ, ਵਜੀਰ ਸਿੰਘ ਭਦੌੜ ਆਦਿ ਬਲਾਕ ਦੇ ਆਗੂ ਹਾਜ਼ਰ ਰਹੇ |