ਹਲਵਾਰਾ, 8 ਸਤੰਬਰ (ਮਨਦੀਪ ਸਿੰਘ ਉੱਭੀ)-ਮਹਿਤਾਬਗੜ੍ਹ ਘੁੰਗਰਾਣਾ ਜ਼ਿਲ੍ਹਾ ਲੁਧਿਆਣਾ ਦੀ ਹਰਪ੍ਰੀਤ ਕੌਰ (22) ਜੋ ਪਿੰਡ ਬੁਰਜ ਲਿੱਟਾ ਦੇ ਜਸਪ੍ਰੀਤ ਸਿੰਘ ਜੱਸ ਪੁੱਤਰ ਜਗਦੀਪ ਸਿੰਘ ਨਾਲ ਵਿਆਹੀ ਹੋਈ ਸੀ, ਮ੍ਰਿਤਕਾ ਦੇ ਪਰਿਵਾਰ ਨੇ ਸਹੁਰੇ ਪਰਿਵਾਰ ’ਤੇ ਕੁੱਟਮਾਰ ਕਰ ਕੇ ਉਸ ਦੀ ਹੱਤਿਆ ਕਰਨ ਦੇ ਗੰਭੀਰ ਦੋਸ਼ ਲਗਾਏ ਹਨ।
ਪਰਿਵਾਰ ਅਨੁਸਾਰ ਹਰਪ੍ਰੀਤ ਕੌਰ ਕਰੀਬ ਤਿੰਨ ਤੋਂ ਚਾਰ ਮਹੀਨੇ ਦੀ ਗਰਭਵਤੀ ਸੀ। ਮ੍ਰਿਤਕਾ ਦੇ ਸਰੀਰ ’ਤੇ ਕਾਫੀ ਸੱਟਾਂ ਦੇ ਨਿਸ਼ਾਨ ਮਿਲਣ ਦੀ ਗੱਲ ਵੀ ਪਰਿਵਾਰ ਵੱਲੋਂ ਕਹੀ ਗਈ ਹੈ। ਮ੍ਰਿਤਕਾ ਦੇ ਚਾਚਾ ਦਰਸ਼ਨ ਸਿੰਘ ਅਤੇ ਪਿਤਾ ਜਗਤਾਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਸੁਧਾਰ ਵਿਖੇ ਪਤੀ ਜਸਪ੍ਰੀਤ ਸਿੰਘ ਜੱਸ, ਸਹੁਰਾ ਜਗਦੀਪ ਸਿੰਘ ਅਤੇ ਦਾਦਾ ਸਹੁਰਾ ਨਗਿੰਦਰ ਸਿੰਘ ਵਾਸੀਅਨ ਬੁਰਜ ਲਿੱਟਾਂ ’ਤੇ ਮਾਮਲਾ ਦਰਜ ਕਰ ਕੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਹਰਪ੍ਰੀਤ ਕੌਰ ਦੀ ਮਾਤਾ ਨੇ ਵਿਰਲਾਪ ਕਰਦਿਆਂ ਦੋਸ਼ ਲਗਾਇਆ ਕਿ ਉਸ ਦੀ ਧੀ ਦਾ ਕਤਲ ਕੀਤਾ ਗਿਆ ਹੈ। ਉਨ੍ਹਾਂ ਸਹੁਰੇ ਪਰਿਵਾਰ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਪਰਿਵਾਰ ਵੱਲੋਂ ਇਹ ਵੀ ਦੋਸ਼ ਲਗਾਇਆ ਗਿਆ ਕਿ ਜਸਪ੍ਰੀਤ ਸਿੰਘ ਨਸ਼ਾ ਕਰਨ ਦਾ ਆਦੀ ਸੀ।
ਪੁਲਿਸ ਜ਼ਿਲ੍ਹਾ ਮੁਖੀ ਡਾ. ਅੰਕੁਰ ਗੁਪਤਾ ਅਤੇ ਡੀ.ਐੱਸ.ਪੀ. ਦਾਖਾ ਕਰਨ ਸਿੰਘ ਸੰਧੂ ਨੇ ਦੱਸਿਆ ਕਿ ਮ੍ਰਿਤਕਾ ਦੇ ਪਰਿਵਾਰ ਦੇ ਬਿਆਨ ਲਏ ਜਾ ਰਹੇ ਹਨ ਅਤੇ ਉਨ੍ਹਾਂ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲੇ ਦੇ ਸਾਰੇ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ। ਥਾਣਾ ਸੁਧਾਰ ਮੁਖੀ ਕੁਲਵਿੰਦਰ ਸਿੰਘ ਨੇ ਦੱਸਿਆ ਮੁਕੱਦਮਾਂ ਦਰਜ ਕਰ ਲਿਆ ਗਿਆ ਹੈ, ਪੋਸਟਮਾਰਟ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇ।