ਬਰਨਾਲਾ, 6 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਰਨਾਲਾ ਸ਼ਹਿਰ ਵਿਚ ਐੱਲ.ਪੀ.ਜੀ. ਗੈਸ ਦੀ ਨਿਰਵਿਘਨ ਸਪਲਾਈ ਦੇ ਕੀਤੇ ਜਾ ਰਹੇ ਦਾਅਵੇ ਪੂਰੀ ਤਰ੍ਹਾਂ ਖੋਖਲੇ ਜਾਪ ਰਹੇ ਹਨ ਕਿਉਂਕਿ ਸਰਕਾਰ ਦੇ ਅਦਾਰੇ ਪਨਸਪ ਗੈਸ ਏਜੰਸੀ ਵਲੋਂ ਉਪਭੋਗਤਾਵਾਂ ਦੁਆਰਾ ਆਨਲਾਈਨ ਬੁਕਿੰਗ ਕਰਵਾਉਣ ਦੇ 12 ਦਿਨ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਦੇ ਘਰਾਂ ਵਿਚ ਗੈਸ ਸਿਲੰਡਰ ਨਹੀਂ ਭੇਜੇ ਜਾ ਰਹੇ | ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਗੈਸ ਏਜੰਸੀ 'ਤੇ ਗੈਸ ਲੈਣ ਲਈ ਪਹੁੰਚੇ ਕੁੱਝ ਖਪਤਕਾਰਾਂ ਨੇ ਨੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਗੈਸ ਦੀ ਉਡੀਕ ਕਰ ਰਹੇ ਹਨ | ਗੈਸ ਮਿਲਣ ਸਬੰਧੀ ਗੈਸ ਏਜੰਸੀ ਉੱਪਰ ਮੌਜੂਦ ਮੁਲਾਜ਼ਮਾਂ ਵਲੋਂ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ ਜਾਂਦਾ | ਜਦੋਂ ਉਹ ਇਸ ਸਬੰਧੀ ਗੈਸ ਏਜੰਸੀ ਦੇ ਇੰਚਾਰਜ ਨੂੰ ਫ਼ੋਨ ਕਰਦੇ ਹਨ, ਤਾਂ ਉਸ ਵਲੋਂ ਫ਼ੋਨ ਨਹੀਂ ਚੁੱਕਿਆ ਜਾਂਦਾ | ਗੈਸ ਏਜੰਸੀ ਦੇ ਬਾਹਰ ਇੱਕ ਪਰਚਾ ਲਗਾਇਆ ਹੋਇਆ ਹੈ | ਜਿਸ ਉੱਪਰ ਲਿਖਿਆ ਹੋਇਆ ਹੈ ਕਿ ਗੈਸ ਗੋਦਾਮ ਤੋਂ ਸਪਲਾਈ ਬੰਦ ਹੈ | ਜਿਸ ਦੀ ਬੁਕਿੰਗ ਹੈ, ਸਪਲਾਈ ਘਰ ਦਿੱਤੀ ਜਾਵੇਗੀ | ਇਸ ਪਰਚੇ ਉੱਪਰ ਸਪਲਾਈ ਠੇਕੇਦਾਰ ਦਾ ਨਾਮ ਅਤੇ ਮੋਬਾਈਲ ਨੰਬਰ ਵੀ ਲਿਖਿਆ ਹੋਇਆ ਹੈ ਲੇਕਿਨ ਠੇਕੇਦਾਰ ਦਾ ਮੋਬਾਈਲ ਫ਼ੋਨ ਲਗਾਤਾਰ ਬੰਦ ਆਉਂਦਾ ਰਹਿੰਦਾ ਹੈ | ਅਜਿਹੀ ਸਥਿਤੀ ਵਿਚ ਆਮ ਜਨਤਾ ਖ਼ੱਜਲ਼-ਖ਼ੁਆਰ ਹੋ ਰਹੀ ਹੈ ਅਤੇ ਉਨ੍ਹਾਂ ਦੀ ਸੁਣਵਾਈ ਕਰਨ ਵਾਲਾ ਕੋਈ ਨਹੀਂ ਹੈ | ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਵਲੋਂ ਅਕਸਰ ਇਹ ਦਾਅਵੇ ਕੀਤੇ ਜਾਂਦੇ ਹਨ ਕਿ ਜ਼ਿਲ੍ਹੇ ਵਿਚ ਜ਼ਰੂਰੀ ਵਸਤਾਂ ਅਤੇ ਗੈਸ ਦੀ ਸਪਲਾਈ ਵਿਚ ਕੋਈ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ | ਪਰ ਪਨਸਪ ਗੈਸ ਏਜੰਸੀ ਦੇ ਅਧਿਕਾਰੀਆਂ ਨੇ ਪ੍ਰਸ਼ਾਸਨ ਦੇ ਇਨ੍ਹਾਂ ਦਾਅਵਿਆਂ ਦੀ ਫ਼ੂਕ ਕੱਢ ਦਿੱਤੀ ਹੈ | ਗੈਸ ਏਜੰਸੀ ਦੇ ਬਾਹਰ ਰੋਸ ਪ੍ਰਗਟ ਕਰਦਿਆਂ ਲੋਕਾਂ ਨੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਪਨਸਪ ਗੈਸ ਏਜੰਸੀ ਦੀ ਕਾਰਜਪ੍ਰਣਾਲੀ ਦੀ ਤੁਰੰਤ ਜਾਂਚ ਕੀਤੀ ਜਾਵੇ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਹੀ ਸਪਲਾਈ ਬਹਾਲ ਨਾ ਕੀਤੀ ਗਈ ਅਤੇ ਗੈਰ-ਜ਼ਿੰਮੇਵਾਰ ਅਧਿਕਾਰੀਆਂ 'ਤੇ ਸ਼ਿਕੰਜਾ ਨਾ ਕੱਸਿਆ ਗਿਆ ਤਾਂ ਉਹ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ | ਜਦੋਂ ਇਸ ਸਬੰਧੀ ਜ਼ਿਲ੍ਹਾ ਫੂਡ ਅਤੇ ਸਪਲਾਈ ਕੰਟਰੋਲਰ ਬਰਨਾਲਾ ਮੈਡਮ ਰੂਪਪ੍ਰੀਤ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਵੀ ਇਸ ਗੈਸ ਏਜੰਸੀ ਸ਼ਿਕਾਇਤ ਆਈ ਸੀ ਅਤੇ ਇਸ ਸਬੰਧੀ ਡੀ.ਐਮ. ਪਨਸਪ ਤੋਂ ਰਿਪੋਰਟ ਮੰਗੀ ਗਈ ਸੀ | ਜੇਕਰ ਖਪਤਕਾਰਾਂ ਨੂੰ ਗੈਸ ਸਪਲਾਈ ਸਬੰਧੀ ਪ੍ਰੇਸ਼ਾਨੀ ਆ ਰਹੀ ਹੈ ਤਾਂ ਉਹ ਅਧਿਕਾਰੀਆਂ ਨੂੰ ਗੈਸ ਏਜੰਸੀ 'ਤੇ ਭੇਜ ਕੇ ਚੈੱਕ ਕਰਵਾ ਲੈਂਦੇ ਹਨ |