ਰੂੜੇਕੇ ਕਲਾਂ, 7 ਅਪ੍ਰੈਲ (ਗੁਰਪ੍ਰੀਤ ਸਿੰਘ ਕਾਹਨੇਕੇ)-ਰੂੜੇਕੇ ਕਲਾਂ ਵਿਖੇ ਪਿਛਲੇ ਪੰਜ ਦਿਨਾਂ ਤੋਂ ਲੈ ਕੇ ਵਾਟਰ ਵਰਕਸ ਦੀ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਕੇ ਹੱਥਾਂ ਵਿਚ ਤੇਲ ਦੀਆਂ ਬੋਤਲਾਂ ਲੈ ਕੇ ਰੋਸ ਦਾ ਪ੍ਰਗਟਾਵਾ ਕਰ ਰਹੀਆਂ ਦੋ ਮਾਵਾਂ ਧੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਿਛਲੇ ਪੰਜ ਦਿਨਾਂ ਤੋਂ ਲੈ ਕੇ ਸਾਰ ਨਾ ਲੈਣ ਦੇ ਦੋਸ਼ ਲਗਾਉਂਦਿਆਂ ਪੀੜਤ ਔਰਤ ਗੁਰਜੀਤ ਕੌਰ ਨੇ ਦੱਸਿਆ ਕਿ ਉਸ ਦੀ ਸ਼ਾਦੀ ਕਰੀਬ 21 ਸਾਲ ਪਹਿਲਾਂ ਪਿੰਡ ਰੂੜੇਕੇ ਕਲਾਂ ਦੇ ਵਿਅਕਤੀ ਨਰੈਣ ਸਿੰਘ ਨਾਲ ਹੋਈ ਸੀ | ਉਸ ਦੇ ਪਤੀ ਦੀਆਂ ਪਹਿਲਾਂ ਵੀ ਦੋ ਸ਼ਾਦੀਆਂ ਹੋਈਆਂ ਸਨ | ਪਹਿਲੀ ਪਤਨੀ ਨੂੰ ਉਸ ਦੇ ਪਤੀ ਨੇ ਤਲਾਕ ਦੇ ਦਿੱਤਾ ਸੀ | ਦੂਜੀ ਪਤਨੀ ਦੀ ਮੌਤ ਹੋ ਗਈ | ਤੀਜੀ ਵਾਰ ਉਸ ਨਾਲ ਸ਼ਾਦੀ ਕਰਵਾਈ ਸੀ | ਉਸ ਦੀ ਕੁੱਖੋਂ ਦੋ ਬੱਚੇ ਇਕ ਲੜਕਾ ਅਤੇ ਇਕ ਲੜਕੀ ਪੈਦਾ ਹੋਏ ਸਨ | ਚਾਰ ਸਾਲ ਪਹਿਲਾਂ ਉਸ ਦੇ ਪਤੀ ਨੇ ਉਸ ਦੀ ਨਜਾਇਜ਼ ਕੁੱਟਮਾਰ ਕਰ ਕੇ ਬੱਚਿਆਂ ਸਮੇਤ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ | ਉਸ ਦਾ ਪਤੀ 28 ਏਕੜ ਜ਼ਮੀਨ ਦਾ ਮਾਲਕ ਤਕੜਾ ਵਿਅਕਤੀ ਹੈ | ਜਦੋਂ ਉਹ ਇਨਸਾਫ਼ ਲੈਣ ਲਈ ਪੁਲਿਸ ਕੋਲ ਗਈ ਤਾਂ ਪੁਲਿਸ ਨੇ ਉਸ ਦੀ ਸੁਣਵਾਈ ਨਹੀਂ ਕੀਤੀ | ਆਪਣਾ ਬਣਦਾ ਹੱਕ ਲੈਣ ਲਈ ਉਸ ਨੇ ਅਦਾਲਤ ਵਿਖੇ ਕੇਸ ਵੀ ਪਾਏ ਹੋਏ ਹਨ | ਆਰਥਿਕ ਤੌਰ 'ਤੇ ਕਮਜ਼ੋਰ ਹੋਣ ਕਰ ਕੇ ਸਕੂਲ ਦੀ ਫ਼ੀਸ ਦਾ ਪ੍ਰਬੰਧ ਨਾ ਹੋਣ ਕਰ ਕੇ ਉਸ ਦਾ ਲੜਕਾ ਵੀ ਸਕੂਲ ਨਹੀਂ ਜਾ ਰਿਹਾ ਹੈ | ਉਸ ਦੇ ਪਤੀ ਵਲੋਂ ਉਸ ਦੀ ਕਈ ਵਾਰ ਨਜਾਇਜ਼ ਕੁੱਟਮਾਰ ਕੀਤੀ ਗਈ ਹੈ | ਪੁਲਿਸ ਥਾਣਾ ਰੂੜੇਕੇ ਕਲਾਂ ਦੀ ਪੁਲਿਸ ਉਸ ਨੂੰ ੂ ਇਨਸਾਫ਼ ਦੇਣ ਦੀ ਬਜਾਏ ਉਸ ਦੇ ਪਤੀ ਦਾ ਸ਼ਰ੍ਹੇਆਮ ਪੱਖ ਪੂਰਦਿਆਂ ਉਸ ਨੂੰ ਡਰਾ ਧਮਕਾ ਰਹੀ ਹੈ | ਇਨਸਾਫ਼ ਨਾ ਮਿਲਣ ਕਰ ਕੇ ਅਤੇ ਪੁਲਿਸ ਵਲੋਂ ਡਰਾਉਣ ਧਮਕਾਉਣ ਤੋਂ ਦੁਖੀ ਹੋ ਕੇ ਉਹ ਪਿਛਲੇ ਪੰਜ ਦਿਨਾਂ ਤੋਂ ਲੈ ਕੇ ਰੂੜੇਕੇ ਕਲਾਂ ਵਾਟਰ ਵਰਕਸ ਦੀ ਪਾਣੀ ਵਾਲੀ ਟੈਂਕੀ 'ਤੇ ਆਪਣੀ ਲੜਕੀ ਸਮੇਤ ਚੜ ਕੇ ਰੋਸ ਪ੍ਰਦਰਸ਼ਨ ਕਰ ਰਹੀ ਹੈ | ਪਿਛਲੇ ਪੰਜ ਦਿਨਾਂ ਤੋਂ ਲੈ ਕੇ ਪੁਲਿਸ ਪ੍ਰਸ਼ਾਸਨ ਵਲੋਂ ਸਾਰ ਨਹੀਂ ਲਈ ਗਈ ਹੈ | ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਿਚ ਪੀੜਤਾਂ ਨੂੰ ਇਨਸਾਫ਼ ਮਿਲਣ ਦੀ ਬਜਾਏ ਧੱਕੇਸ਼ਾਹੀਆਂ ਹੋ ਰਹੀਆਂ ਹਨ | ਪੀੜਤ ਔਰਤ ਗੁਰਜੀਤ ਕੌਰ ਅਤੇ ਉਸ ਦੀ ਪੁੱਤਰੀ ਨੇ ਪੰਜਾਬ ਸਰਕਾਰ ਤੋਂ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਸਾਨੂੰ ਇਨਸਾਫ਼ ਨਾ ਮਿਲਿਆ ਤਾਂ ਭਵਿੱਖ ਵਿਚ ਸਾਡੇ ਜਾਨੀ ਨੁਕਸਾਨ ਦੀ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਤੇ ਉਸ ਦਾ ਪਤੀ ਜ਼ਿੰਮੇਵਾਰ ਹੋਵੇਗਾ | ਪੀੜਤ ਔਰਤ ਦੇ ਹੱਕ ਵਿਚ ਟੈਂਕੀ ਹੇਠਾਂ ਧਰਨਾ ਲਾ ਕੇ ਬੈਠੇ ਨਿਹੰਗ ਸਿੰਘ ਨਰਦੇਵ ਸਿੰਘ ਖਾਲਸਾ ਤਰਨਾਦਲ, ਪ੍ਰੀਤਮ ਸਿੰਘ ਖਾਲਸਾ, ਤਾਰੀ ਸਿੰਘ ਖਾਲਸਾ, ਨਿਰਮਲ ਸਿੰਘ ਖਾਲਸਾ, ਗੁਰਮੇਲ ਸਿੰਘ ਖਾਲਸਾ ਨੇ ਕਿਹਾ ਕਿ ਪੀੜਤ ਔਰਤ ਨਾਲ ਉਸ ਦੇ ਪਤੀ ਵਲੋਂ ਸ਼ਰੇ੍ਹਆਮ ਧੱਕੇਸ਼ਾਹੀ ਕੀਤੀ ਜਾ ਰਹੀ ਹੈ | ਪੁਲਿਸ ਪ੍ਰਸ਼ਾਸਨ ਇਨਸਾਫ਼ ਦਿਵਾਉਣ ਦੀ ਬਜਾਏ ਪੀੜਤ ਔਰਤ ਨੂੰ ਹੀ ਡਰਾ ਧਮਕਾ ਰਿਹਾ ਹੈ | ਇਕੱਤਰ ਨਿਹੰਗ ਸਿੰਘਾਂ ਨੇ ਪੰਜਾਬ ਸਰਕਾਰ ਤੋਂ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਪੀੜਤ ਔਰਤ ਨੂੰ ਇਨਸਾਫ਼ ਨਾ ਮਿਲਿਆ ਤਾਂ ਸੈਂਕੜਿਆਂ ਦੀ ਵੱਡੀ ਗਿਣਤੀ ਵਿਚ ਨਿਹੰਗ ਸਿੰਘ ਫ਼ੌਜਾਂ ਬੁਲਾ ਕੇ ਪੀੜਤ ਔਰਤ ਨੂੰ ਇਨਸਾਫ਼ ਦਿਵਾਉਣ ਲਈ ਤਿੱਖਾ ਸੰਘਰਸ਼ ਕੀਤਾ ਜਾਵੇਗਾ | ਇਸ ਮੌਕੇ ਹੋਰ ਸਮਰਥਕ ਵੀ ਹਾਜ਼ਰ ਸਨ |