ਬਰਨਾਲਾ, 7 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਸ਼ਹਿਰ ਬਰਨਾਲਾ ਵਿਚ ਜਿੱਥੇ ਇੱਕ ਪਾਸੇ ਆਮ ਲੋਕਾਂ ਨੂੰ ਬੁਕਿੰਗ ਦੇ ਦੋ-ਦੋ ਹਫ਼ਤਿਆਂ ਬਾਅਦ ਵੀ ਘਰੇਲੂ ਗੈਸ ਸਿਲੰਡਰ ਨਾ ਮਿਲਣ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਦੂਜੇ ਪਾਸੇ ਸ਼ਹਿਰ ਦੇ ਹੋਟਲਾਂ, ਰੈਸਟੋਰੈਂਟਾਂ, ਢਾਬਿਆਂ ਅਤੇ ਫਾਸਟ ਫੂਡ ਦੁਕਾਨਾਂ ਅਤੇ ਰੇਹੜੀਆਂ 'ਤੇ ਘਰੇਲੂ ਗੈਸ ਸਿਲੰਡਰਾਂ ਦੀ ਵਰਤੋਂ ਸ਼ਰੇਆਮ ਦੇਖੀ ਜਾ ਸਕਦੀ ਹੈ | ਸ਼ਹਿਰ ਵਿਚ ਘਰੇਲੂ ਗੈਸ ਸਿਲੰਡਰਾਂ ਦੀ ਹੋ ਰਹੀ ਕਾਲਾਬਾਜ਼ਾਰੀ ਦੀ ਵੀ ਖ਼ੂਬ ਚਰਚਾ ਚੱਲ ਰਹੀ ਹੈ ਅਤੇ ਚਰਚਾ ਅਨੁਸਾਰ ਵਪਾਰਕ ਅਦਾਰਿਆਂ ਨੂੰ ਕਥਿਤ ਤੌਰ 'ਤੇ ਦੁੱਗਣੇ-ਤਿੱਗਣੇ ਰੇਟਾਂ 'ਤੇ ਘਰੇਲੂ ਸਿਲੰਡਰ ਸਪਲਾਈ ਕੀਤੇ ਜਾ ਰਹੇ ਹਨ | ਪਰ ਮੁਨਾਫ਼ਾਖੋਰੀ ਦੇ ਇਸ ਚੱਕਰ ਵਿਚ ਗ਼ਰੀਬ ਅਤੇ ਮੱਧ ਵਰਗੀ ਪਰਿਵਾਰ ਪਿਸ ਰਹੇ ਹਨ | ਲੋਕਾਂ ਦਾ ਕਹਿਣਾ ਹੈ ਕਿ ਜਦੋਂ ਉਹ ਏਜੰਸੀਆਂ ਕੋਲ ਜਾਂਦੇ ਹਨ ਤਾਂ ਸਟਾਕ ਖ਼ਤਮ ਹੋਣ ਦਾ ਬਹਾਨਾ ਲਗਾਇਆ ਜਾਂਦਾ ਹੈ, ਪਰ ਵਪਾਰਕ ਕੰਮਾਂ ਲਈ ਸਿਲੰਡਰਾਂ ਦੀ ਕੋਈ ਕਮੀ ਨਹੀਂ ਦਿਖਦੀ | ਹੈਰਾਨੀ ਦੀ ਗੱਲ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਦਾ ਇਸ ਗੰਭੀਰ ਮਾਮਲੇ ਵੱਲ ਕੋਈ ਧਿਆਨ ਨਹੀਂ ਹੈ | ਨਿਯਮਾਂ ਅਨੁਸਾਰ ਵਪਾਰਕ ਥਾਵਾਂ 'ਤੇ ਨੀਲੇ ਰੰਗ ਦੇ ਕਮਰਸ਼ੀਅਲ ਸਿਲੰਡਰ ਦੀ ਵਰਤੋਂ ਲਾਜ਼ਮੀ ਹੈ, ਪਰ ਬਰਨਾਲਾ ਦੇ ਬਾਜ਼ਾਰਾਂ ਵਿਚ ਵਪਾਰਕ ਥਾਵਾਂ 'ਤੇ ਲਾਲ ਰੰਗ ਦੇ ਘਰੇਲੂ ਸਿਲੰਡਰ ਆਮ ਦੇਖੇ ਜਾ ਸਕਦੇ ਹਨ | ਗੈਸ ਦੀ ਕਿੱਲਤ ਦੇ ਚਲਦਿਆਂ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਵਪਾਰਕ ਅਦਾਰਿਆਂ ਵਿਚ ਘਰੇਲੂ ਗੈਸ ਸਿਲੰਡਰ ਦੀ ਵਰਤੋਂ ਨੂੰ ਰੋਕਣ ਲਈ ਬਿਨਾਂ ਕਿਸੇ ਭੇਦਭਾਵ ਤੋਂ ਛਾਪੇਮਾਰੀ ਕੀਤੀ ਜਾਵੇ ਤਾਂ ਜੋ ਆਮ ਲੋਕਾਂ ਨੂੰ ਘਰੇਲੂ ਗੈਸ ਦੀ ਸਪਲਾਈ ਸੁਚਾਰੂ ਢੰਗ ਨਾਲ ਬੁਕਿੰਗ ਤੋਂ ਬਾਅਦ ਸਮੇਂ ਸਿਰ ਹੋ ਸਕੇ | ਵਪਾਰਕ ਥਾਵਾਂ 'ਤੇ ਘਰੇਲੂ ਗੈਸ ਸਿਲੰਡਰਾਂ ਦੀ ਹੋ ਰਹੀ ਵਰਤੋਂ ਸਬੰਧੀ ਜਦੋਂ ਜ਼ਿਲ੍ਹਾ ਫੂਡ ਅਤੇ ਸਪਲਾਈ ਕੰਟਰੋਲਰ ਬਰਨਾਲਾ ਮੈਡਮ ਰੂਪਪ੍ਰੀਤ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਇਸ ਸਬੰਧੀ ਨਿਰੰਤਰ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਕਈ ਵਪਾਰਕ ਥਾਵਾਂ 'ਤੇ ਘਰੇਲੂ ਗੈਸ ਸਿਲੰਡਰ ਜ਼ਬਤ ਵੀ ਕੀਤੇ ਗਏ ਹਨ |
ਬਰਨਾਲਾ 'ਚ ਘਰੇਲੂ ਗੈਸ ਸਿਲੰਡਰਾਂ ਦੀ ਵਪਾਰਕ ਥਾਵਾਂ 'ਤੇ ਹੋ ਰਹੀ ਹੈ ਸ਼ਰੇਆਮ ਵਰਤੋਂ
ਅਜੀਤ ਡੈਸਕ
08-04-2026