ਟੱਲੇਵਾਲ, 9 ਅਪੈ੍ਰਲ (ਸੋਨੀ ਚੀਮਾ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਲਕਾ ਮਹਿਲ ਕਲਾਂ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ ਦੀ ਅਗਵਾਈ ਹੇਠ ਪਿੰਡ ਗਹਿਲ ਵਿਚ ਪਾਰਟੀ ਦੇ ਸਰਗਰਮ ਵਰਕਰ ਬੇਅੰਤ ਸਿੰਘ ਸੰਧੂ ਦੇ ਨਿਵਾਸ ਸਥਾਨ 'ਤੇ ਨੁੱਕੜ ਮੀਟਿੰਗ ਕਰਵਾਈ ਕੀਤੀ ਗਈ | ਇਸ ਮੀਟਿੰਗ ਦੌਰਾਨ ਆਉਣ ਵਾਲੀਆਂ 2027 ਪੰਜਾਬ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਅਤੇ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕਰਨ ਲਈ ਵਰਕਰਾਂ ਨੂੰ ਘਰ-ਘਰ ਜਾ ਕੇ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਉਣ ਦਾ ਸੱਦਾ ਦਿੱਤਾ ਗਿਆ | ਇਸ ਮੌਕੇ ਜਥੇਦਾਰ ਨਾਥ ਸਿੰਘ ਹਮੀਦੀ ਨੇ ਕਿਹਾ ਕਿ ਪਾਰਟੀ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਵਿਚ ਵਧਦਾ ਇਕੱਠ ਇਸ ਗੱਲ ਦਾ ਸੰਕੇਤ ਹੈ ਕਿ 2027 ਵਿਚ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਬਣਨੀ ਤੈਅ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਨਾਲ ਕੀਤੇ ਵਾਅਦਿਆਂ 'ਤੇ ਖਰੇ ਨਹੀਂ ਉੱਤਰੇ | ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਦੌਰਾਨ ਮਜ਼ਦੂਰ ਵਰਗ ਲਈ ਆਟਾ-ਦਾਲ ਸਕੀਮ, ਬੁਢਾਪਾ, ਵਿਧਵਾ ਅਤੇ ਅੰਗਹੀਣ ਪੈਨਸ਼ਨ, ਦਸਵੀਂ ਪਾਸ ਲੜਕੀਆਂ ਲਈ ਸਾਈਕਲ ਸਕੀਮ, ਗ਼ਰੀਬ ਲੜਕੀਆਂ ਲਈ ਸ਼ਗਨ ਸਕੀਮ, ਕਿਸਾਨਾਂ ਲਈ ਮੁਫ਼ਤ ਬਿਜਲੀ-ਪਾਣੀ, ਪਿੰਡਾਂ ਵਿਚ ਅਨਾਜ ਮੰਡੀਆਂ ਅਤੇ ਨਵੇਂ ਮੋਟਰ ਕੁਨੈਕਸ਼ਨ ਵਰਗੇ ਕਈ ਲੋਕ-ਭਲਾਈ ਕੰਮ ਕੀਤੇ ਗਏ ਸਨ | ਉਨ੍ਹਾਂ ਦੋਸ਼ ਲਗਾਇਆ ਕਿ ਮੌਜੂਦਾ ਸਰਕਾਰ ਨੇ ਇਹ ਸਕੀਮਾਂ ਬੰਦ ਕਰ ਦਿੱਤੀਆਂ ਹਨ | ਉਨ੍ਹਾਂ ਐਲਾਨ ਕੀਤਾ ਕਿ ਅਕਾਲੀ ਸਰਕਾਰ ਬਣਨ 'ਤੇ ਬੰਦ ਕੀਤੀਆਂ ਲੋਕ-ਭਲਾਈ ਸਕੀਮਾਂ ਮੁੜ ਚਾਲੂ ਕੀਤੀਆਂ ਜਾਣਗੀਆਂ | ਇਸ ਮੌਕੇ ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਸਰਕਲ ਪ੍ਰਧਾਨ ਬਚਿੱਤਰ ਸਿੰਘ ਰਾਏਸਰ, ਜਥੇਦਾਰ ਗੁਰਦੀਪ ਸਿੰਘ ਛਾਪਾ, ਡਾ. ਸੁਖਵਿੰਦਰ ਸਿੰਘ ਨਿਹਾਲੂਵਾਲ, ਕੁਲਵੰਤ ਸਿੰਘ ਜਗਦੇ ਹਰਜਿੰਦਰ ਸਿੰਘ ਮਾਂਗੇਵਾਲ ਸਮੇਤ ਕਈ ਆਗੂਆਂ ਨੇ ਕਿਹਾ ਕਿ ਪਾਰਟੀ ਪ੍ਰਧਾਨ ਵਲੋਂ ਦਿੱਤੀ ਡਿਊਟੀ ਨੂੰ ਪੂਰਾ ਕਰਨ ਲਈ ਉਹ ਦਿਨ-ਰਾਤ ਇਕ ਕਰ ਦੇਣਗੇ | ਮੀਟਿੰਗ ਵਿਚ ਸਾਬਕਾ ਸਰਪੰਚ ਨਿਸ਼ਾਨ ਸਿੰਘ ਭੋਲਾ, ਬੇਅੰਤ ਸਿੰਘ ਸੰਧੂ, ਨੰਬਰਦਾਰ ਜਗਜੀਤ ਸਿੰਘ, ਕਰਤਾਰ ਸਿੰਘ, ਗੁਰਜੰਟ ਸਿੰਘ ਧਾਲੀਵਾਲ, ਜਸਵੀਰ ਸਿੰਘ, ਲਖਵਿੰਦਰ ਸਿੰਘ, ਜਗਸੀਰ ਸਿੰਘ, ਗੁਰਦੇਵ ਸਿੰਘ, ਰਣਜੋਤ ਸਿੰਘ, ਸੁਖਵਿੰਦਰ ਸਿੰਘ ਕਾਲਾ ਸਮੇਤ ਹੋਰ ਵਰਕਰ ਅਤੇ ਆਗੂ ਵੀ ਮੌਜੂਦ ਸਨ |