ਤਪਾ ਮੰਡੀ, 9 ਅਪ੍ਰੈਲ (ਵਿਜੇ ਸ਼ਰਮਾ)-ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਜਿੱਥੇ ਸੜਕਾਂ ਦੀ ਮੁਰੰਮਤ ਅਤੇ ਸੜਕਾਂ ਨੂੰ ਨਵੇਂ ਸਿਰੇ ਤੋਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ | ਉੱਥੇ ਨੈਸ਼ਨਲ ਹਾਈਵੇ ਤੋਂ ਮਹਿਤਾ-ਰੂੜੇਕੇ ਕਲਾਂ ਨੂੰ ਜਾਣ ਵਾਲੀ ਸੜਕ ਦਾ ਕੰਮ ਵੀ ਬਿਨਾਂ ਦੇਰੀ ਸ਼ੁਰੂ ਕਰਵਾਇਆ ਜਾਵੇ ਕਿਉਂਕਿ ਸੜਕ 'ਤੇ ਪਏ ਡੂੰਘੇ-ਡੂੰਘੇ ਟੋਇਆਂ ਕਾਰਨ ਲੋਕਾਂ ਲਈ ਵੱਡੀ ਸਿਰਦਰਦੀ ਬਣੀ ਹੋਈ ਹੈ | ਇਸ ਸੜਕ ਦਾ ਐਨਾ ਮਾੜਾ ਹਾਲ ਹੈ ਕਿਤੇ ਅੱਜ ਤੱਕ ਅਜਿਹੀ ਸੜਕ ਨਹੀਂ ਵੇਖੀ ਜੋ ਕਿ ਖ਼ਤਰਿਆਂ ਭਰੀ ਸੜਕ ਦੇ ਤੌਰ 'ਤੇ ਵੀ ਇਸ ਨੂੰ ਜਾਣਿਆ ਜਾਂਦਾ ਹੈ | ਇਹ ਸੜਕ ਆਲ਼ੇ ਦੁਆਲੇ ਦੇ ਕਈ ਪਿੰਡਾਂ ਨੂੰ ਨਾਲ ਜੋੜਦੀ ਹੈ ਅਤੇ ਦਿਨ-ਰਾਤ ਇਸ ਸੜਕ 'ਤੇ ਆਵਾਜਾਈ ਰਹਿੰਦੀ ਹੈ | ਜਦੋਂ ਸੜਕ ਦੀ ਹਾਲਤ ਜ਼ਿਆਦਾ ਖ਼ਰਾਬ ਹੋ ਗਈ ਤਾਂ ਸਕੂਲ ਦੀਆਂ ਛੋਟੀਆਂ-ਵੱਡੀਆਂ ਅਤੇ ਹੋਰ ਗੱਡੀਆਂ ਵਾਲਿਆਂ ਵਲੋਂ ਆਪਣਾ ਰਸਤਾ ਹੀ ਬਦਲ ਲਿਆ ਕਿਉਂਕਿ ਵੱਡੇ-ਵੱਡੇ ਟੋਇਆ ਕਰ ਕੇ ਕਿਸੇ ਵੇਲੇ ਵੀ ਹਾਦਸਾ ਵਾਪਰ ਸਕਦਾ ਹੈ | ਬੀਤੇ ਦਿਨੀਂ ਹੋਈ ਤੇਜ਼ ਬਾਰਸ਼ ਦੇ ਪਾਣੀ ਨਾਲ ਭਰੇ ਇਹ ਵੱਡੇ-ਵੱਡੇ ਟੋਏ ਦਿਖਾਈ ਨਹੀਂ ਦਿੰਦੇ ਸਨ | ਇਸ ਲਈ ਰਾਤ ਬਰਾਤੇ ਇਸ ਸੜਕ 'ਤੇ ਜਾਣਾ ਕਿਸੇ ਖ਼ਤਰੇ ਤੋਂ ਖ਼ਾਲੀ ਨਹੀਂ ਸੀ | ਇਸ ਸਬੰਧੀ ਕੌਰ ਸਿੰਘ, ਸੰਜੀਵ ਕੁਮਾਰ, ਜਗਦੇਵ ਸਿੰਘ, ਹਰਦੇਵ ਸਿੰਘ ਨੇ ਦੱਸਿਆ ਕਿ ਮਜਬੂਰੀ ਬੱਸ ਪੈਦਲ ਅਤੇ ਦੋ ਪਹੀਆ ਵਾਹਨ ਚਾਲਕਾਂ ਲਈ ਸੜਕ ਦਾ ਰਸਤਾ ਬਹੁਤ ਹੀ ਘਾਤਕ ਬਣ ਗਿਆ ਹੈ | ਜਦਕਿ ਦੋ ਪਹੀਆ ਵਾਹਨ ਚਲਾਉਣ ਵਾਲਿਆਂ ਨੂੰ ਵੀ ਜਾਣ ਸਮੇਂ ਡਰ ਲੱਗਿਆ ਰਹਿੰਦਾ ਹੈ | ਹੋਰ ਲੋਕਾਂ ਨੇ ਦੱਸਿਆ ਕਿ ਸੜਕ 'ਤੇ ਚੱਲਦੇ ਸਮੇਂ ਹਰ ਵੇਲੇ ਡਿੱਗਣ ਦਾ ਡਰ ਬਣਿਆ ਰਹਿੰਦਾ ਹੈ ਅਤੇ ਕਈ ਵਾਰ ਲੋਕ ਹਾਦਸਿਆਂ ਦਾ ਸ਼ਿਕਾਰ ਵੀ ਹੋ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਕਣਕ ਦੇ ਸੀਜ਼ਨ ਨੂੰ ਲੈ ਕੇ ਕਿਸਾਨ ਵੀ ਚਿੰਤਤ ਹਨ ਕਿਉਂਕਿ ਇਸ ਸੜਕ ਦੇ ਰਸਤੇ ਹੀ ਕਿਸਾਨ ਆਪਣੀ ਪੁੱਤਾਂ ਵਾਂਗੂ ਪਾਲੀ ਹੋਈ ਫ਼ਸਲ ਅਨਾਜ ਮੰਡੀਆਂ ਵਿਚ ਲੈ ਕੇ ਆਉਣਗੇ ਕਿਉਂਕਿ ਸੜਕ ਦੀ ਮਾੜੀ ਹਾਲਤ ਹੋਣ ਕਰ ਕੇ ਕਿਸੇ ਵੇਲੇ ਵੀ ਕਿਸਾਨਾਂ ਦਾ ਕੋਈ ਵੱਡਾ ਨੁਕਸਾਨ ਹੋ ਸਕਦਾ ਹੈ | ਉਨ੍ਹਾਂ ਨੇ ਪ੍ਰਸ਼ਾਸਨ ਅਤੇ ਸਬੰਧਿਤ ਮਹਿਕਮੇ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਤਾਂ ਜੋ ਲੋਕਾਂ ਨੂੰ ਆ ਰਹੀਆਂ ਦਿੱਕਤਾਂ ਤੋਂ ਰਾਹਤ ਮਿਲ ਸਕੇ ਅਤੇ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ |