ਧਨੌਲਾ, 12 ਅਪ੍ਰੈਲ (ਜਤਿੰਦਰ ਸਿੰਘ ਧਨੌਲਾ)-ਪੰਜਾਬ ਪਬਲਿਕ ਸਕੂਲ ਵਿਖੇ ਪੰਜਾਬੀ ਸੱਭਿਆਚਾਰ ਦੇ ਪ੍ਰਤੀਕ 'ਵਿਸਾਖੀ' ਦੇ ਤਿਉਹਾਰ ਨੂੰ ਸਮਰਪਿਤ ਇੱਕ ਸ਼ਾਨਦਾਰ ਫੈਂਸੀ ਡਰੈੱਸ ਮੁਕਾਬਲਾ ਕਰਵਾਇਆ ਗਿਆ | ਇਸ ਪ੍ਰੋਗਰਾਮ ਵਿਚ ਐਲ.ਕੇ.ਜੀ. ਤੋਂ ਲੈ ਕੇ ਦੂਜੀ ਜਮਾਤ ਤੱਕ ਦੇ ਨੰਨ੍ਹੇ-ਮੁੰਨੇ ਬੱਚਿਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ | ਮੁਕਾਬਲੇ ਦੌਰਾਨ ਸਕੂਲ ਦਾ ਵਿਹੜਾ ਪੰਜਾਬੀ ਸੱਭਿਆਚਾਰ ਦੇ ਰੰਗਾਂ ਵਿਚ ਰੰਗਿਆ ਨਜ਼ਰ ਆਇਆ | ਬੱਚੇ ਰਵਾਇਤੀ ਪੰਜਾਬੀ ਪਹਿਰਾਵੇ ਜਿਵੇਂ ਕਿ ਕੁੜਤਾ-ਚਾਦਰ, ਟੌਰੇ ਵਾਲੀ ਪੱਗ, ਫੁਲਕਾਰੀ ਅਤੇ ਸੂਟ-ਸਲਵਾਰ ਪਹਿਨ ਕੇ ਸਜੇ ਹੋਏ ਸਨ | ਬੱਚਿਆਂ ਨੇ ਸਟੇਜ 'ਤੇ ਆ ਕੇ ਬੋਲੀਆਂ ਪਾਈਆਂ ਅਤੇ 'ਜੱਟਾ ਆਈ ਵਿਸਾਖੀ' ਦੇ ਨਾਅਰਿਆਂ ਨਾਲ ਪੂਰੇ ਹਾਲ ਵਿਚ ਜੋਸ਼ ਭਰ ਦਿੱਤਾ | ਉਪਰੰਤ ਬੱਚਿਆਂ ਦੇ ਦਸਤਾਰ ਮੁਕਾਬਲੇ ਕਰਵਾਏ ਗਏ | ਸੋਹਣੀ ਅਤੇ ਘੱਟ ਸਮੇਂ ਵਿਚ ਦਸਤਾਰ ਬੰਨ੍ਹਣ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਚੇਅਰਮੈਨ ਅਮਰਜੀਤ ਸਿੰਘ ਚੀਮਾ ਨੇ ਸਾਰੇ ਬੱਚਿਆਂ ਨੂੰ ਸ਼ਾਬਾਸ਼ ਦਿੱਤੀ ਅਤੇ ਵਿਸਾਖੀ ਦੀ ਵਧਾਈ ਦਿੱਤੀ | ਇਸ ਸਮੇਂ ਸਕੂਲ ਦਾ ਸਾਰਾ ਸਟਾਫ਼ ਤੇ ਬੱਚੇ ਹਾਜਰ ਸਨ | ਪਿ੍ੰਸੀਪਲ ਮੈਡਮ ਨੇ ਵੀ ਬੱਚਿਆ ਅਤੇ ਸਟਾਫ਼ ਨੂੰ ਵਿਸਾਖੀ ਦੀ ਵਧਾਈ ਦਿੱਤੀ |