ਤਪਾ ਮੰਡੀ, 13 ਅਪ੍ਰੈਲ (ਵਿਜੇ ਸ਼ਰਮਾ)-ਪੰਜਾਬ ਸਰਕਾਰ ਵਲੋਂ ਕਣਕ ਦੀ ਸਰਕਾਰੀ ਖ਼ਰੀਦ ਇੱਕ ਅਪ੍ਰੈਲ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਮੌਸਮ ਦੇ ਖ਼ਰਾਬ ਚੱਲਦਿਆਂ ਕਣਕ ਦੀ ਵਾਢੀ ਵਿਚ ਕੁੱਝ ਦੇਰੀ ਹੋ ਗਈ ਜਿਉਂ ਹੀ ਮੌਸਮ ਸਾਫ਼ ਹੋਇਆ ਤਾਂ ਕਿਸਾਨਾਂ ਵਲੋਂ ਅਨਾਜ ਮੰਡੀਆਂ ਵਿਚ ਫ਼ਸਲ ਦੀ ਆਮਦ ਸ਼ੁਰੂ ਹੋ ਗਈ | ਪਿਛਲੇ ਦਿਨਾਂ ਤੋਂ ਅਨਾਜ ਮੰਡੀਆਂ ਵਿਚ ਮੌਸਮ ਸਾਫ਼ ਹੋਣ ਕਾਰਨ ਧੜਾਧੜ ਕਣਕ ਦੀ ਫ਼ਸਲ ਅਨਾਜ ਮੰਡੀਆਂ ਵਿਚ ਆ ਰਹੀ ਹੈ ਪਰ ਖ਼ਰੀਦ ਏਜੰਸੀਆਂ ਵਲੋਂ ਫ਼ਸਲ ਦੀ ਖ਼ਰੀਦ ਨਾ ਕੀਤੇ ਜਾਣ ਕਾਰਨ ਕਿਸਾਨਾਂ ਨੂੰ ਅਨਾਜ ਮੰਡੀਆਂ ਵਿਚ ਰਾਤਾਂ ਕੱਟਣ ਲਈ ਮਜਬੂਰ ਹੋਣਾ ਪੈ ਰਿਹਾ ਹੈ | ਇਹ ਵੀ ਪਤਾ ਲੱਗਿਆ ਹੈ ਕਿ ਬਾਰਦਾਨਾ ਨਾ ਹੋਣ ਕਾਰਨ ਖ਼ਰੀਦ ਵਿਚ ਦੇਰੀ ਹੋ ਰਹੀ ਹੈ | ਦੂਸਰਾ ਕਣਕ ਦੀ ਫ਼ਸਲ ਵਿਚ ਨਮੀ ਜ਼ਿਆਦਾ ਹੋਣ ਕਾਰਨ ਇਸ ਨੂੰ ਵੀ ਸਮੱਸਿਆ ਦੱਸਿਆ ਜਾ ਰਿਹਾ ਹੈ | ਪਰ ਜਦੋਂ ਅਨਾਜ ਮੰਡੀਆਂ ਦਾ ਦੌਰਾ ਕੀਤਾ ਤਾਂ ਵੱਖ-ਵੱਖ ਪਿੰਡਾਂ ਤੋਂ ਕਿਸਾਨ ਕਣਕ ਦੀਆਂ ਭਰੀਆਂ ਹੋਈਆਂ ਟਰਾਲੀਆਂ ਅਨਾਜ ਮੰਡੀਆਂ ਵਿਚ ਲੈ ਕੇ ਆ ਰਹੇ ਸਨ ਅਤੇ ਮਜ਼ਦੂਰਾਂ ਵਲੋਂ ਫ਼ਸਲ ਨੂੰ ਉਤਾਰ ਕੇ ਸਾਫ਼ ਸਫ਼ਾਈ ਦਾ ਕੰਮ ਜ਼ੋਰਾਂ 'ਤੇ ਚੱਲ ਰਿਹਾ ਸੀ | ਇਸ ਸਬੰਧੀ ਜਦੋਂ ਆੜ੍ਹਤੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਇੱਕ ਅਪ੍ਰੈਲ ਨੂੰ ਕਣਕ ਦੀ ਫ਼ਸਲ ਦੀ ਸਰਕਾਰੀ ਖਰੀਦ ਸ਼ੁਰੂ ਕੀਤੀ ਗਈ ਸੀ ਪਰ ਬਾਰਦਾਨੇ ਦੀ ਕਮੀ ਹੋਣ ਕਾਰਨ ਕਿਸੇ ਵੀ ਏਜੰਸੀ ਵਲੋਂ ਖਰੀਦ ਨਹੀਂ ਕੀਤੀ ਜਾ ਰਹੀ ਅਤੇ ਨਾ ਹੀ ਮਾਰਕੀਟ ਕਮੇਟੀ ਵਲੋਂ ਬੋਲੀ ਲਗਾਈ ਜਾ ਰਹੀ ਹੈ ਕਿਉਂਕਿ ਅਗਰ ਆੜ੍ਹਤੀਆਂ ਕੋਲ ਬਾਰਦਾਨਾ ਆਵੇਗਾ ਤਾਂ ਹੀ ਫ਼ਸਲ ਦੀ ਭਰਪਾਈ ਕੀਤੀ ਜਾਵੇਗੀ | ਜਿਸ ਦਾ ਵੱਡਾ ਕਾਰਨ ਇਹ ਹੈ ਕਿ ਇਸ ਵਾਰ ਬਾਰਦਾਨੇ ਵਿਚ ਦੇਰੀ ਹੋਣਾ | ਜਦ ਅਨਾਜ ਮੰਡੀ ਵਿਚ ਬੈਠੇ ਕਿਸਾਨਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਹਿਲਾਂ ਮੌਸਮ ਦੀ ਕਿਸਾਨਾਂ ਨੂੰ ਮਾਰ ਪੈ ਰਹੀ ਸੀ ਹੁਣ ਅਨਾਜ ਮੰਡੀ ਵਿਚ ਫ਼ਸਲ ਦੀ ਖ਼ਰੀਦ ਨਾ ਹੋਣ ਕਾਰਨ ਪਿਛਲੇ ਦੋ ਤਿੰਨ ਦਿਨਾਂ ਤੋਂ ਫ਼ਸਲ ਦੀ ਰਾਖੀ ਲਈ ਰਾਤਾਂ ਨੂੰ ਬੈਠਣਾ ਪੈਂਦਾ ਹੈ ਜਿਸ ਕਰ ਕੇ ਕਿਸਾਨ ਚਾਰ ਚੁਫੇਰੇ ਤੋਂ ਘਿਰਿਆ ਹੋਇਆ ਨਜ਼ਰ ਆ ਰਿਹਾ ਹੈ | ਪਰ ਅਸਲੀ ਕਾਰਨ ਸ਼ਾਇਦ ਕੋਈ ਹੋਰ ਹੀ ਹੋ ਸਕਦਾ ਹੈ | ਇਸ ਸਬੰਧੀ ਜਦੋਂ ਮਾਰਕੀਟ ਕਮੇਟੀ ਦੇ ਸਕੱਤਰ ਹਰਦੀਪ ਸਿੰਘ ਗਿੱਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਖ਼ਰੀਦ ਏਜੰਸੀਆਂ ਵਲੋਂ ਫ਼ਸਲ ਦੀ ਖ਼ਰੀਦ ਨੂੰ ਲੈ ਕੇ ਅੜਿੱਕਾ ਚੱਲ ਰਿਹਾ ਹੈ | ਜਿਸ ਕਾਰਨ ਕਣਕ ਦੀ ਫ਼ਸਲ ਦੀ ਖਰੀਦ ਨਹੀਂ ਹੋ ਰਹੀ ਕਿਉਂਕਿ ਮਸਲਾ ਕਣਕ ਦੀ ਵੱਧ ਨਮੀ ਦਾ ਅੱਗੇ ਆ ਰਿਹਾ ਹੈ ਜਦ ਉਨ੍ਹਾਂ ਨੂੰ ਬਾਰਦਾਨੇ ਦੀ ਕਮੀ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਫ਼ਸਲ ਆਉਣ ਤੋਂ ਪਹਿਲਾਂ ਹੀ 60 ਫ਼ੀਸਦੀ ਬਰਦਾਨਾ ਮੁਹੱਈਆ ਕਰਵਾ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਮੌਸਮ ਦੇ ਖ਼ਰਾਬ ਚੱਲਦਿਆਂ ਕਣਕ ਦੀ ਫ਼ਸਲ ਵਿਚ ਨਮੀ ਜ਼ਿਆਦਾ ਹੋਣ ਕਰ ਕੇ ਖ਼ਰੀਦ ਏਜੰਸੀਆਂ ਹੱਥ ਪਿੱਛੇ ਖਿੱਚ ਰਹੀਆਂ ਹਨ |