ਰੂੜੇਕੇ ਕਲਾਂ, 13 ਅਪ੍ਰੈਲ (ਗੁਰਪ੍ਰੀਤ ਸਿੰਘ ਕਾਹਨੇਕੇ)-ਜੀ.ਐੱਸ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਧੌਲਾ ਵਿਖੇ ਸੰਸਥਾ ਦੇ ਚੇਅਰਮੈਨ ਰਿਸਵ ਜੈਨ, ਡਾਇਰੈਕਟਰ ਸੁਰੇਸ਼ ਬਾਂਸਲ ਦੀ ਅਗਵਾਈ ਵਿਚ ਵਿਸਾਖੀ ਦਾ ਤਿਉਹਾਰ ਅਤੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ | ਸੰਸਥਾ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਵਲੋਂ ਸਾਂਝੇ ਤੌਰ 'ਤੇ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ | ਪਾਠ ਦੇ ਭੋਗ ਉਪਰੰਤ ਸੰਸਥਾ ਦੇ ਵਿਦਿਆਰਥੀਆਂ ਵਲੋਂ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਕਿਸਾਨਾਂ ਦੀ ਕਣਕ ਫ਼ਸਲ ਸੁੱਖ ਸ਼ਾਂਤੀ ਦੇ ਨਾਲ ਕਿਸਾਨਾਂ ਦੇ ਘਰ ਖ਼ੁਸ਼ੀਆਂ ਲੈ ਕੇ ਆਵੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਸੰਸਥਾ ਦੇ ਵਿਦਿਆਰਥੀਆਂ ਵਲੋਂ ਕਵੀਸ਼ਰੀਆਂ ਰਾਹੀਂ ਖਾਲਸਾ ਸਾਜਨਾ ਦਿਵਸ ਨਾਲ ਸਬੰਧਿਤ ਵਾਰਾਂ ਰਾਹੀਂ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮਾਂ ਦੇ ਟਾਕਰੇ ਲਈ ਅੰਮਿ੍ਤ ਛਕਾ ਕੇ ਖਾਲਸਾ ਫ਼ੌਜ ਦੀ ਸਥਾਪਨਾ ਕੀਤੀ ਸੀ | ਖਾਲਸਾ ਫ਼ੌਜ ਵਲੋਂ ਮੁਗ਼ਲਾਂ ਦੇ ਜ਼ੁਲਮਾਂ ਦੇ ਖ਼ਿਲਾਫ਼ ਦਰਜਨਾਂ ਜੰਗਾਂ ਦਸਮੇਸ਼ ਪਿਤਾ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਦੀ ਅਗਵਾਈ ਵਿਚ ਲੜੀਆਂ ਗਈਆਂ | ਇਸ ਦਿਨ ਦੇਸ਼ ਦੀ ਆਜ਼ਾਦੀ ਲਈ ਸ੍ਰੀ ਅੰਮਿ੍ਤਸਰ ਸਾਹਿਬ ਜਲਿਆਂ ਵਾਲਾ ਬਾਗ਼ ਵਿਖੇ ਸ਼ਾਂਤਮਈ ਇਕੱਤਰ ਹੋਏ ਪੰਜਾਬ ਵਾਸੀਆਂ ਨੂੰ ਅੰਗਰੇਜ਼ਾਂ ਵਲੋਂ ਹਜ਼ਾਰਾਂ ਬੇਕਸੂਰ ਤੇ ਮਾਸੂਮ ਲੋਕਾਂ ਨੂੰ ਗੋਲੀਆਂ ਮਾਰ ਕੇ ਭੰੁਨਿਆਂ ਗਿਆ ਅਤੇ ਬਹੁਤ ਸਾਰੇ ਲੋਕ ਆਪਣੀਆਂ ਜਾਨਾਂ ਬਚਾਉਣ ਲਈ ਖੂਹ ਵਿਚ ਛਾਲਾਂ ਮਾਰ ਕੇ ਸ਼ਹੀਦੀ ਪ੍ਰਾਪਤ ਕਰ ਗਏ | ਖਾਲਸਾ ਫ਼ੌਜ ਅਤੇ ਜਲਿਆਂ ਵਾਲਾ ਬਾਗ਼ ਦੇ ਸ਼ਹੀਦਾਂ ਨੂੰ ਅਧਿਆਪਕਾਂ ਤੇ ਵਿਦਿਆਰਥੀਆਂ ਵਲੋਂ ਸਿੱਜਦਾ ਕੀਤਾ ਗਿਆ |